ਰਾਸ਼ਟਰਪਤੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦੁੱਖ ਪ੍ਰਗਟ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ੋਨ ਕਰ ਕੇ ਰਾਜਮਾਤਾ ਮੋਹਿੰਦਰ ਕੌਰ ਦੇ

President Ram Nath Kovind

 

ਪਟਿਆਲਾ, 26 ਜੁਲਾਈ (ਰਣਜੀਤ ਸਿੰਘ ਰੱਖੜਾ): ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ੋਨ ਕਰ ਕੇ ਰਾਜਮਾਤਾ ਮੋਹਿੰਦਰ ਕੌਰ ਦੇ ਦੇਹਾਂਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਰਾਸ਼ਟਰਪਤੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਆਖਿਆ ਕਿ ਉਹ ਇਸ ਦੁੱਖ ਦੀ ਘੜੀ ਵਿਚ ਪਰਵਾਰ ਨਾਲ ਸ਼ਰੀਕ ਹੁੰਦੇ ਹਨ। ਕੋਵਿੰਦ ਨੇ ਸਾਲ 1977 ਵਿਚ ਮੋਰਾਰਜੀ ਦੇਸਾਈ ਨਾਲ ਪਟਿਆਲਾ ਫੇਰੀ ਦੌਰਾਨ ਮੋਤੀ ਬਾਗ਼ ਪੈਲੇਸ ਵਿਚ ਪਰਵਾਰ ਨਾਲ ਕੀਤੀ ਠਹਿਰ ਦੇ ਸਮੇਂ ਨੂੰ ਚੇਤੇ ਕੀਤਾ। ਉਨ੍ਹਾਂ ਨੇ ਪੈਲੇਸ ਵਿਚ ਠਹਿਰ ਦੌਰਾਨ ਰਾਜਮਾਤਾ ਵਲੋਂ ਕੀਤੀ

 

ਮਹਿਮਾਨਨਿਵਾਜ਼ੀ ਨੂੰ ਵੀ ਯਾਦ ਕੀਤਾ।
ਦਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨਾਲ ਨੇੜਤਾ ਦੇ ਬਾਵਜੂਦ ਰਾਜਮਾਤਾ ਨੇ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੇ ਦੋਫਾੜ ਹੋਣ 'ਤੇ ਮੋਰਾਰਜੀ ਦੇਸਾਈ ਦੀ ਅਗਵਾਈ ਵਿਚ ਖੜਨ ਦਾ ਫ਼ੈਸਲਾ ਲਿਆ ਸੀ। ਉਹ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਜਿਨ੍ਹਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ। ਸਾਲ 1977 ਵਿਚ ਇਸ ਸਮੇਂ ਦੌਰਾਨ ਸ੍ਰੀ ਕੋਵਿੰਦ ਮੋਰਾਰਜੀ ਦੇਸਾਈ ਨਾਲ ਮੋਤੀ ਬਾਗ਼ ਪੈਲੇਸ ਵਿਚ ਆਏ ਸਨ।
ਰਾਸ਼ਟਰਪਤੀ ਵਲੋਂ ਦੁੱਖ ਦਾ ਇਜ਼ਹਾਰ ਕਰਨ ਲਈ ਉਨ੍ਹਾਂ ਦਾ ਧਨਵਾਦ ਕਰਦਿਆਂ ਮੁੱਖ ਮੰਤਰੀ ਨੇ ਬੀਤੇ ਦਿਨ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦੇ ਹਲਫ਼ਦਾਰੀ ਸਮਾਰੋਹ ਵਿਚ ਸ਼ਾਮਲ ਨਾ ਹੋ ਸਕਣ 'ਤੇ ਅਫ਼ਸੋਸ ਪ੍ਰਗਟਾਇਆ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੋਵਿੰਦ ਨੂੰ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿਤੀ।
ਸ੍ਰੀ ਜੇਤਲੀ ਨੇ ਵੀ ਮੁੱਖ ਮੰਤਰੀ ਅਤੇ ਪਰਵਾਰ ਦੇ ਹੋਰ ਮੈਂਬਰਾਂ ਨਾਲ ਰਾਜਮਾਤਾ ਦੇ ਅਕਾਲ ਚਲਾਣੇ 'ਤੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਦੁੱਖ ਦੀ ਇਸ ਘੜੀ ਵਿਚ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।