ਰਾਜਮਾਤਾ ਮੋਹਿੰਦਰ ਕੌਰ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਦੀ ਚਿਖਾ ਨੂੰ ਅੱਗ ਵਿਖਾ ਕੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿਤੀ।
ਪਟਿਆਲਾ, 25 ਜੁਲਾਈ (ਰਣਜੀਤ ਸਿੰਘ ਰਾਣਾ ਰੱਖੜਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਮਾਤਾ ਰਾਜਮਾਤਾ ਮੋਹਿੰਦਰ ਕੌਰ ਦੀ ਚਿਖਾ ਨੂੰ ਅੱਗ ਵਿਖਾ ਕੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿਤੀ। ਰਾਜਮਾਤਾ ਮੋਹਿੰਦਰ ਕੌਰ ਦਾ ਅੱਜ ਸ਼ਾਹੀ ਸਮਾਧਾਂ ਵਿਖੇ ਅੰਤਮ ਸੰਸਕਾਰ ਕਰ ਦਿਤਾ ਗਿਆ ਜਿਥੇ ਭਾਰੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿਤੀ।
ਪਰਵਾਰ ਦੇ ਵਡੇਰਿਆਂ ਦੇ ਸ਼ਮਸ਼ਾਨਘਾਟ ''ਸ਼ਾਹੀ ਸਮਾਧਾਂ'' ਵਿਖੇ ਰਾਜਮਾਤਾ ਦੀ ਚਿਖਾ ਨੂੰ ਅਗਨੀ ਵਿਖਾਉਣ ਨਾਲ ਸਾਰਾ ਮਾਹੌਲ ਹੰਝੂਆਂ ਵਿਚ ਡੁੱਬ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਭਰਾ ਮਲਵਿੰਦਰ ਸਿੰਘ ਅਤੇ ਪੁੱਤਰ ਰਣਇੰਦਰ ਸਿੰਘ ਦੇ ਨਾਲ ਚਿਖਾ ਨੂੰ ਅੱਗ ਵਿਖਾਈ। ਇਸ ਮੌਕੇ ਮੰਤਰੀ, ਵਿਧਾਇਕ, ਸਿਆਸੀ ਆਗੂ ਤੇ ਭਾਰੀ ਗਿਣਤੀ ਵਿਚ ਆਮ ਲੋਕ ਪਹੁੰਚੇ ਹੋਏ ਸਨ। ਪਰਵਾਰ ਦੇ ਨੇੜਲੇ ਰਿਸ਼ਤੇਦਾਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਹਿਨੋਈ ਸਾਬਕਾ ਕੇਂਦਰੀ ਮੰਤਰੀ ਕੰਵਰ ਨਟਵਰ ਸਿੰਘ ਅਤੇ ਮੇਜਰ ਕੰਵਲਜੀਤ ਸਿੰਘ ਢਿੱਲੋਂ ਵੀ ਅਪਣੇ ਪੁੱਤਰਾਂ ਨਾਲ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਦੇ ਪੋਤਰੇ/ਦੋਹਤਰੇ ਨਿਰਵਾਨ ਸਿੰਘ, ਅੰਗਦ ਸਿੰਘ ਅਤੇ ਯਾਦਇੰਦਰ ਸਿੰਘ ਵੀ ਅੰਤਮ ਰਸਮਾਂ ਮੌਕੇ ਮੌਜੂਦ ਸਨ। ਰਾਜਮਾਤਾ ਦੀ ਅੰਤਮ ਵਿਦਾਇਗੀ ਵੇਲੇ ਵੱਖ-ਵੱਖ ਵਰਗਾਂ
ਅਤੇ ਆਮ ਲੋਕਾਂ ਦੇ ਭਾਰੀ ਇਕੱਠ
ਤੋਂ ਇਲਾਵਾ ਸਿਆਸੀ, ਧਾਰਮਿਕ ਅਤੇ ਪ੍ਰਸ਼ਾਸਕੀ ਆਗੂ ਵੀ ਮੌਜੂਦ ਸਨ। ਅੱਜ ਸਵੇਰੇ ਮੋਤੀ ਮਹਿਲ ਵਿਖੇ ਵੀ ਭਾਰੀ ਗਿਣਤੀ ਲੋਕਾਂ ਨੇ ਅਪਣੀ ਹਰਮਨ ਪਿਆਰੀ ਆਗੂ ਰਾਜਮਾਤਾ ਨੂੰ ਹੰਝੂਆਂ ਭਰੀ ਵਿਦਾਇਗੀ ਦਿਤੀ।
ਰੋਜ਼ਾਨਾ ਸਪੋਕਸਮੈਨ ਦੇ ਐਮਡੀ ਜਗਜੀਤ ਕੌਰ ਅਤੇ ਅਸਿਸਟੈਂਟ ਐਡੀਟਰ ਨਿਮਰਤ ਕੌਰ ਵੀ ਰਾਜ ਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਰਾਜਮਾਤਾ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਸੰਤੋਖ ਚੌਧਰੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ ਚਾਹਲ, ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਦਲਜੀਤ ਸਿੰਘ ਸਹੋਤਾ, ਪਵਨ ਆਦੀਆ ਤੋਂ ਇਲਾਵਾ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਾਰਟੀ ਲੀਹਾਂ ਤੋਂ ਉਪਰ ਉਠ ਕੇ ਬਹੁਤ ਸਾਰੇ ਉਘੇ ਸਿਆਸੀ ਆਗੂ ਵੀ ਰਾਜਮਾਤਾ ਮੋਹਿੰਦਰ ਕੌਰ ਨੂੰ ਸ਼ਰਧਾਂਜਲੀਆਂ ਦੇਣ ਲਈ ਪਹੁੰਚੇ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ, ਅਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਐਨ.ਕੇ. ਸ਼ਰਮਾ ਅਤੇ ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਆਗੂ ਜਗਮੀਤ ਸਿੰਘ ਬਰਾੜ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਦੁਖੀ ਪਰਵਾਰ ਨਾਲ ਅਪਣਾ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਵੱਖ ਵੱਖ ਮੱਤਾਂ ਨਾਲ ਸਬੰਧਤ ਵੱਖ-ਵੱਖ ਧਾਰਮਿਕ ਆਗੂਆਂ ਨੇ ਸ਼ਾਹੀ ਸਮਾਧਾਂ ਵਿਖੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।