ਮੁਸਲਿਮ ਮੁਲਕ ਇੰਡੋਨੇਸ਼ੀਆ ਵਿਚ ਕੌਮੀ ਤਿਉਹਾਰ ਹੈ 'ਰਾਮਲੀਲਾ': ਯੋਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖਨਊ, 26 ਜੁਲਾਈ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਨੇ ਕਿਹਾ ਹੈ ਕਿ ਹਾਂਪੱਖੀ ਰਾਜਨੀਤੀ ਨਾਲ ਅਯੋਧਿਆ ਵਿਚ ਮੰਦਰ ਮਾਮਲੇ ਦਾ ਹੱਲ ਨਿਕਲੇਗਾ।

Yogi Adityanath

 

ਲਖਨਊ, 26 ਜੁਲਾਈ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਨੇ ਕਿਹਾ ਹੈ ਕਿ ਹਾਂਪੱਖੀ ਰਾਜਨੀਤੀ ਨਾਲ ਅਯੋਧਿਆ ਵਿਚ ਮੰਦਰ ਮਾਮਲੇ ਦਾ ਹੱਲ ਨਿਕਲੇਗਾ। ਮੁੱਖ ਮੰਤਰੀ ਬਣਨ ਮਗਰੋਂ ਦੂਜੀ ਵਾਰ ਅਯੋਧਿਆ ਦੌਰੇ 'ਤੇ ਗਏ ਯੋਗੀ ਨੇ ਕਿਹਾ ਕਿ ਅਯੋਧਿਆ ਨੇ ਦੇਸ਼ ਨੂੰ ਇਕ ਪਛਾਣ ਦਿਤੀ ਹੈ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਅਜਿਹਾ ਦੇਸ਼ ਹੈ ਜਿਥੋਂ ਦੀ ਜ਼ਿਆਦਾਤਰ ਆਬਾਦੀ ਮੁਸਲਿਮ ਹੈ ਪਰ ਫਿਰ ਵੀ ਉਥੇ ਰਾਮਲੀਲਾ ਕੌਮੀ ਤਿਉਹਾਰ ਹੈ। ਯੋਗੀ ਅਯੋਧਿਆ 'ਚ ਰਾਮ ਮੰਦਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਰਾਮਚੰਦਰ ਪਰਮਹੰਸ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਵਾਰ ਵਾਰ ਅਯੋਧਿਆ ਜਾਣਗੇ।
ਇਸ ਤੋਂ ਪਹਿਲਾਂ ਯੋਗੀ ਨੇ ਰਾਜ ਦੀਆਂ ਵੱਖ ਵੱਖ ਸੰਸਥਾਵਾਂ ਦੇ ਨਾਮ ਦੇਸ਼ ਦੇ ਸ਼ਹੀਦਾਂ ਦੇ ਨਾਮ 'ਤੇ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਸਿਖਿਆ ਦੇ ਨਾਲ ਨਾਲ ਰਾਸ਼ਟਰ ਭਾਵਨਾ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀਆਂ ਪ੍ਰੇਰਕ ਜਾਣਕਾਰੀਆਂ ਵੀ ਉਪਲਭਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਯੋਗੀ ਨੇ ਕਾਰਗਿਲ ਵਿਜੇ ਦਿਵਸ ਮੌਕੇ ਹੋਏ ਸਮਾਗਮ ਵਿਚ ਕਿਹਾ, 'ਵਿਦਿਆਰਥੀਆਂ ਨੂੰ ਸਕੂਲੀ ਸਿਖਿਆ ਦੇ ਨਾਲ ਨਾਲ ਰਾਸ਼ਟਰ ਭਾਵਨਾ ਨਾਲ ਜੁੜੀਆਂ ਪ੍ਰੇਰਕ ਜਾਣਕਾਰੀਆਂ ਵੀ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਨਵੀਂ ਪੀੜ੍ਹੀ ਵਿਚ ਰਾਸ਼ਟਰ ਭਗਤੀ ਦੀ ਭਾਵਨਾ ਪ੍ਰਬਲ ਹੋ ਸਕੇ।' ਉਨ੍ਹਾਂ ਲਖਨਊ ਸਥਿਤ ਉੱਤਰ ਪ੍ਰਦੇਸ਼ ਫ਼ੌਜੀ ਸਕੂਲ ਦਾ ਨਾਮ ਪਰਮਵੀਰ ਚੱਕਰ ਜੇਤੂ ਕੈਪਟਨ ਮਨੋਜ ਪਾਂਡੇ ਦੇ ਨਾਮ 'ਤੇ ਕਰਨ ਦਾ ਐਲਾਨ ਕੀਤਾ। ਯੋਗੀ ਨੇ ਕਿਹਾ ਕਿ ਸੂਬੇ ਵਿਚ ਵੱਖ ਵੱਖ ਸੰਸਥਾਵਾਂ ਦੇ ਨਾਮ ਹੁਣ ਦੇਸ਼ ਦੇ ਸ਼ਹੀਦਾਂ ਦੇ ਨਾਮ 'ਤੇ ਰੱਖੇ ਜਾਣਗੇ। ਰਾਜਪਾਲ ਰਾਮ ਨਾਇਕ ਨੇ ਸ਼ਹੀਦਾਂ ਦੇ ਬੁੱਤਾਂ 'ਤੇ ਫੁੱਲਾਂ ਦੇ ਹਾਰ ਚੜ੍ਹਾ ਕੇ ਸ਼ਰਧਾਂਜਲੀ ਦਿਤੀ। ਉਨ੍ਹਾਂ ਸ਼ਹੀਦਾਂ ਦਾ ਪਰਵਾਰਾਂ ਦਾ ਸਨਮਾਨ ਵੀ ਕੀਤਾ।
(ਏਜੰਸੀ)