ਵੱਡੇ ਪ੍ਰਾਈਵੇਟ ਹਸਪਤਾਲਾਂ ਦੀ ਲਾਪ੍ਰਵਾਹੀ ਕਾਰਨ ਅਪਣਿਆਂ ਨੂੰ ਖੋ ਚੁੱਕੇ ਪੀੜਤ ਮੰਗ ਰਹੇ ਇਨਸਾਫ਼‍

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਡੇ ਹਸਪਤਾਲਾਂ ਦੀ ਲਾਪ੍ਰਵਾਹੀ ਤੋਂ ਬਾਅਦ ਅਪਣਿਆਂ ਨੂੰ ਖੋ ਚੁੱਕੇ ਪੀੜਤਾਂ ਨੇ ਹਸਪਤਾਲ ਪ੍ਰਬੰਧਕਾਂ ਵਿਰੁਧ ਕਾਰਵਾਈ ਦੀ ਕਰਨ ਦਾ ਮਾਮਲਾ ਉਠਾਇਆ ਹੈ

Seeking Justice for Lost Loved One

ਗੁੜਗਾਉਂ (ਗੁਰੂਗ੍ਰਾਮ) : ਦੇਸ਼ ਦੇ ਵੱਡੇ ਹਸਪਤਾਲਾਂ ਦੀ ਲਾਪ੍ਰਵਾਹੀ ਤੋਂ ਬਾਅਦ ਅਪਣਿਆਂ ਨੂੰ ਖੋ ਚੁੱਕੇ ਪੀੜਤਾਂ ਨੇ ਹਸਪਤਾਲ ਪ੍ਰਬੰਧਕਾਂ ਵਿਰੁਧ ਕਾਰਵਾਈ ਦੀ ਕਰਨ ਦਾ ਮਾਮਲਾ ਉਠਾਇਆ ਹੈ ਕਿਉਂਕਿ ਇਹ ਹਸਪਤਾਲ ਇਲਾਜ ਦੇ ਨਾਂ 'ਤੇ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲਦੇ ਹਨ ਜਦਕਿ ਇਲਾਜ ਵਿਚ ਲਾਪ੍ਰਵਾਹੀ ਕਰਦੇ ਹਨ। ਮੇਦਾਤਾਂ ਹਸਪਤਾਲ ਵਿਚ ਡੇਂਗੂ ਪੀੜਤ ਬੱਚੇ ਦੇ ਇਲਾਜ ਦੇ ਏਵਜ਼ ਵਿਚ ਕਰੀਬ 16 ਲੱਖ ਦਾ ਬਿਲ ਵਸੂਲਣ ਦੇ ਮਾਮਲੇ ਵਿਚ 6 ਮਹੀਨੇ ਦੀ ਜੱਦੋ ਜਹਿਦ ਤੋਂ ਬਾਅਦ ਹਸਪਤਾਲ ਵਲੋਂ ਪੀੜਤ ਪਿਤਾ ਨੂੰ 15 ਲੱਖ 68 ਹਜ਼ਾਰ ਰੁਪਏ ਦੇ ਦਿਤੇ ਗਏ ਹਨ।

ਅਜਿਹੇ ਕਈ ਪੀੜਤ ਇਨਸਾਫ਼ ਦੀ ਲੜਾਈ ਲੜ ਰਹੇ ਹਨ। ਫੋਰਟਿਸ ਹਸਪਤਾਲ ਵਿਚ ਡੇਂਗੂ ਪੀੜਤ ਬੱਚੀ ਦੀ ਮੌਤ ਤੋਂ ਬਾਅਦ ਪਿਤਾ ਨੂੰ ਹਸਪਤਾਲ ਵਲੋਂ 25 ਲੱਖ ਦਾ ਵਾਅਦਾ ਕਰਕੇ 10 ਲੱਖ ਰੁਪਏ ਦਾ ਚੈੱਕ ਫੜਾ ਦਿਤਾ ਗਿਆ। 7 ਸਾਲ ਦੀ ਬੇਟੀ ਖੋ ਚੁੱਕੇ ਪੀੜਤ ਪਿਤਾ ਨੇ ਹੁਣ ਸੁਪਰੀਮ ਕੋਰਟ ਵਿਚ ਮੁਆਵਜ਼ੇ ਦੀ ਗੁਹਾਰ ਲਗਾਈ ਹੈ। 

ਜਾਣਕਾਰੀ ਅਨੁਸਾਰ ਰਾਜਸਥਾਨ ਦੇ ਧੌਲਪੁਰ ਨਿਵਾਸੀ ਗੋਪੇਂਦਰ ਪਰਮਾਰ ਨੇ 30 ਅਕਤੂਬਰ ਨੂੰ 7 ਸਾਲਾ ਬੇਟੇ ਸ਼ੌਰੀਆ ਨੂੰ ਡੇਂਗੂ ਦੇ ਇਲਾਜ ਲਈ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਇਲਾਜ ਤੋਂ ਬਾਅਦ ਹਸਪਤਾਲ ਨੇ ਗੋਪੇਂਦਰ ਨੂੰ 15 ਲੱਖ 88 ਹਜ਼ਾਰ ਰੁਪਏ ਵਸੂਲੇ ਸਨ। ਬਿਲ ਅਦਾ ਕਰਨ ਲਈ ਉਨ੍ਹਾਂ ਨੂੰ ਜਮ੍ਹਾਂ ਪੂੰਜੀ ਤੋਂ ਇਲਵਾ ਘਰ ਵੇਚਣਾ ਪਿਆ। 

ਇਸ ਤੋਂ ਬਾਅਦ ਆਰਥਿਕ ਤੰਗੀ ਕਾਰਨ ਪੀੜਤ ਨੇ ਬੇਟੇ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ 22 ਨਵੰਬਰ ਨੂੰ ਉਸ ਦੀ ਮੌਤ ਹੋ ਗਈ ਸੀ। ਗੋਪੇਂਦਰ ਨੇ ਕੇਂਦਰੀ ਮੰਤਰੀ, ਮੈਡੀਕਲ ਕਾਊਂਸਲ, ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। 

ਦਿੱਲੀ ਦੇ ਦੁਆਰਕਾ ਨਿਵਾਸੀ ਜੈਯੰਤ ਸਿੰਘ ਨੇ ਸਤੰਬਰ ਵਿਚ 7 ਸਾਲਾ ਬੇਟੀ ਆਦੀਆ ਨੂੰ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਲੰਬੇ ਇਲਾਜ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ ਸੀ। ਹਸਪਤਾਲ ਨੇ ਜੈਯੰਤ ਤੋਂ 16 ਲੱਖ ਰੁਪਏ ਫ਼ੀਸ ਵਸੂਲੀ ਸੀ। ਹਸਪਤਾਲ ਨੇ ਕਈ ਦਵਾਈਆਂ ਅਤੇ ਸਰਿੰਜਾਂ ਦੇ ਏਵਜ਼ ਵਿਚ ਕਈ ਗੁਣਾ ਚਾਰਜ ਲਗਾਇਆ ਸੀ। 

ਆਦੀਆ ਦੇ ਪਿਤਾ ਜੈਯੰਤ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਤਕ ਸ਼ਿਕਾਇਤ ਪਹੁੰਚਾਈ ਤਾਂ ਮਾਮਲਾ ਚਰਚਾ ਵਿਚ ਆਇਆ। ਇਸ ਤੋਂ ਬਾਅਦ ਹਸਪਤਾਲ ਨੇ ਪ੍ਰਬੰਧਨ ਵਲੋਂ ਆਦੀਆ ਦੇ ਪਿਤਾ ਜੈਯੰਤ ਸਿੰਘ ਨੂੰ ਜ਼ੁਬਾਨੀ ਰੂਪ ਨਾਲ 25 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ। ਜੈਯੰਤ ਨੇ ਦਸਿਆ ਕਿ ਫੋਰਟਿਸ ਪਬ੍ਰੰਧਨ ਦੇ ਮੈਂਬਰ ਜਸਬੀਰ ਗਰੇਵਾਲ ਨੇ ਉਨ੍ਹਾਂ ਨੂੰ 10 ਲੱਖ 37 ਹਜ਼ਾਰ 889 ਰੁਪਏ ਦਾ ਚੈੱਕ ਦਿਤਾ ਸੀ। 

ਨਾਲ ਹੀ ਕੇਸ ਵਿਚ ਹਸਪਤਾਲ ਦਾ ਨਾਮ ਨਾ ਲੈਣ ਦੀ ਗੱਲ ਵੀ ਆਖੀ ਸੀ। ਉਨ੍ਹਾਂ ਨੇ ਚੈਕ ਸਵੀਕਾਰ ਨਾ ਕਰਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਿਤੀ ਹੈ। ਜੈਯੰਤ ਨੇ 10 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਅਜਿਹੇ ਵਿਚ ਪੀੜਤ ਲੋਕਾਂ ਦੀ ਸਹਾਇਤਾ ਦੇ ਲਈ ਉਨ੍ਹਾਂ ਨੇ ਆਦੀਆ ਦੇ ਨਾਂ 'ਤੇ 100 ਕਰੋੜ ਰੁਪਏ ਦਾ ਫ਼ੰਡ ਜਾਰੀ ਕਰਨ ਦੀ ਸਿਫ਼ਾਰਸ਼ ਵੀ ਕੀਤੀ ਹੈ। ਉਥੇ ਹੀ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੈਯੰਤ ਨੂੰ ਇਲਾਜ ਵਿਚ ਖ਼ਰਚ ਹੋਏ ਰੁਪਏ ਸਦਭਾਵਨਾ ਵਿਚ ਵਾਪਸ ਦੇਣ ਦੀ ਗੱਲ ਕੀਤੀ ਗਈ ਸੀ। ਜੈਯੰਤ ਵਲੋਂ ਜ਼ਿਆਦਾ ਰੁਪਏ ਦੀ ਮੰਗ ਕੀਤੀ ਗਈ। ਹਸਪਤਾਲ ਪਬ੍ਰੰਧਨ ਨੇ ਉਨ੍ਹਾਂ ਨੂੰ ਸਬੰਧਤ ਰਾਸ਼ੀ ਦਾ ਚੈੱਕ ਦੇ ਦਿਤਾ। 

ਝਾੜਸਾ ਦੇ ਸੁਨੀਲ ਦੇ ਨਵੰਬਰ ਵਿਚ ਡੇਢ ਸਾਲ ਦੇ ਬੇਟੇ ਨੂੰ ਨਮੋਨੀਆ ਹੋਣ 'ਤੇ ਖਾਂਡਸਾ ਰੋਡ ਸਥਿਤ ਸਨਰਾਈਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਹਿਲਾਂ ਬੱਚੇ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਇਸ ਤੋਂ ਬਾਅਦ ਸੀ ਪਾਈਪ ਰਾਹੀਂ ਇਲਾਜ ਕਰ ਕੇ ਬੱਚੇ ਨੂੰ ਖ਼ੂਨ ਵੀ ਚੜ੍ਹਾਇਆ ਗਿਆ। ਕਰੀਬ 10 ਦਿਨ ਇੱਥੇ ਦਾਖ਼ਲ ਰਹਿਣ ਤੋਂ ਬਾਅਦ ਇਲਾਜ ਵਿਚ 1 ਲੱਖ 70 ਹਜ਼ਾਰ ਰੁਪਏ ਦਾ ਖ਼ਰਚ ਆਇਆ ਸੀ। 

ਇਸ ਦੇ ਬਾਵਜੂਦ ਬੱਚਾ ਠੀਕ ਨਹੀਂ ਹੋਇਆ। ਅਗਲੇ ਦਿਨ ਉਨ੍ਹਾਂ ਨੇ ਬੇਟੇ ਨੂੰ ਬਾਦਸ਼ਾਹਪੁਰ ਸਥਿਤ ਸੰਜੀਵਨੀ ਹਸਪਤਾਲ ਵਿਚ ਭਰਤੀ ਕਰਵਾਇਆ। ਇੱਥੇ ਉਹ ਠੀਕ ਹੋ ਗਿਆ। ਇਸ ਤੋਂ ਬਾਅਦ ਸੁਨੀਲ ਨੇ ਸਨਰਾਈਜ਼ ਹਸਪਤਾਲ ਨੂੰ ਦਿਤੇ ਗਏ ਚੈੱਕ ਦੀ ਪੇਮੈਂਟ ਰੁਕਵਾ ਕੇ ਮੈਡੀਕਲ ਨੇਗਿਲਜੇਂਸੀ ਬੋਰਡ ਵਿਚ ਸ਼ਿਕਾਇਤ ਦਿਤੀ। ਇਸ ਦੀ ਜਾਂਚ ਚੱਲ ਰਹੀ ਹੈ। 

ਇਸੇ ਤਰ੍ਹਾਂ ਡਾਕਟਰ ਰਾਜੇਸ਼ ਜੈਨ ਨੇ ਵੀ ਮੇਦਾਂਤਾ ਵਿਰੁਧ ਮੈਡੀਕਲ ਨੇਗਿਲਜੇਂਸੀ ਬੋਰਡ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਇੱਥੇ ਪਤਨੀ ਦਾ ਇਲਾਜ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਨੂੰ ਰੀੜ੍ਹ ਦੀ ਹੱਡੀ ਵਿਚ ਦਰਦ ਦੀ ਸ਼ਿਕਾਇਤ ਸੀ। ਮੇਦਾਂਤਾ ਵਿਚ ਐਮਰਜੈਂਸੀ ਵਿਚ ਕਰੀਬ 3 ਦਿਨ ਭਰਤੀ ਰੱਖਣ ਤੋਂ ਬਾਅਦ ਕਈ ਜਾਂਚਾਂ ਕਰਨ ਤੋਂ ਬਾਅਦ ਵੀ ਡਾਕਟਰ ਬਿਮਾਰੀ ਨਹੀਂ ਲੱਭ ਸਕੇ। 

ਇਲਾਜ ਵਿਚ ਸਵਾ ਲੱਖ ਰੁਪਏ ਖ਼ਰਚ ਹੋਏ। ਦੂਜੇ ਹਸਪਤਾਲ ਵਿਚ ਇਲਾਜ ਕਰਵਾਉਣ 'ਤੇ ਪਤਾ ਚੱਲਿਆ ਕਿ ਰੀੜ੍ਹ ਦੀ ਹੱਡੀ ਵਿਚ ਪਸ ਪਈ ਹੋਈ ਸੀ। ਬੋਰਡ ਦੇ ਮੈਂਬਰ ਨੇ ਦਸਿਆ ਕਿ ਜਾਂਚ ਲਈ ਨਿਊਰੋ ਸਰਜਨ ਨਾ ਹੋਣ ਕਰਕੇ ਰੋਹਤਕ ਪੀਜੀਆਈ ਨੂੰ ਕੇਸ ਰੈਫ਼ਰ ਕੀਤਾ ਗਿਆ ਹੈ।  ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਵਿਚ ਲਾਪ੍ਰਵਾਹੀ ਜਾਂ ਜ਼ਿਆਦਾ ਫ਼ੀਸ ਵਸੂਲੇ ਜਾਣ 'ਤੇ ਮੈਡੀਕਲ ਨੇਗਿਲਜੇਂਸੀ ਬੋਰਡ ਵਿਚ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸਿਵਲ ਹਸਪਤਾਲ ਦੀ ਦੂਜੀ ਮੰਜ਼ਲ 'ਤੇ ਸਥਿਤ ਪ੍ਰਿੰਸੀਪਲ ਮੈਡੀਕਲ ਅਫ਼ਸਰ ਦੇ ਦਫ਼ਤਰ ਵਿਚ ਜਾਇਆ ਜਾ ਸਕਦਾ ਹੈ। ਇਸ ਦੇ ਲਈ ਲਿਖਤੀ ਸ਼ਿਕਾਇਤ ਦੇ ਨਾਲ ਇਲਾਜ ਦਾ ਬਿਲ, ਮੈਡੀਕਲ ਰਿਪੋਰਟ ਅਤੇ ਸਾਰੇ ਤਰ੍ਹਾਂ ਦੀ ਜਾਂਚ ਰਿਪੋਰਟ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ।