ਆਖ਼ਰੀ ਸਾਹ ਤਕ ਸਿੱਖ ਸਿਧਾਂਤਾਂ ਨਾਲ ਜੁੜਿਆ ਰਹਾਂਗਾ : ਢੇਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂ.ਕੇ. ਵਿਚ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਤਨਮਨਜੀਤ ਸਿੰਘ ਢੇਸੀ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕੁੱਝ ਪਲ ਇਲਾਹੀ ਕੀਰਤਨ ਸਰਵਨ ਕੀਤਾ ਅਤੇ....

Dhesi

 

ਅੰਮ੍ਰਿਤਸਰ, 26 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂ.ਕੇ. ਵਿਚ ਪਹਿਲੇ ਸਿੱਖ ਸੰਸਦ ਮੈਂਬਰ ਬਣੇ ਤਨਮਨਜੀਤ ਸਿੰਘ ਢੇਸੀ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕੁੱਝ ਪਲ ਇਲਾਹੀ ਕੀਰਤਨ ਸਰਵਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਸ. ਢੇਸੀ ਦੇ ਪਿਤਾ  ਜਸਪਾਲ ਸਿੰਘ ਢੇਸੀ, ਚਾਚਾ ਪਰਮਜੀਤ ਸਿੰਘ ਰਾਏਪੁਰ ਵੀ ਨਾਲ ਸਨ। ਇਸ ਦੌਰਾਨ ਉਨ੍ਹਾਂ ਅਕਾਲ ਤਖ਼ਤ ਵਿਖੇ ਵੀ ਮੱਥਾ ਟੇਕਿਆ। ਸਨਮਾਨ ਸਮਾਗਮ ਦੌਰਾਨ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਇਹ ਮਾਣ ਮਿਲਿਆ ਹੈ ਜਿਸ ਲਈ ਉਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਆਏ ਹਨ। ਸਿੱਖ ਸੰਗਤ ਦਾ ਉਤਸ਼ਾਹ ਅਤੇ ਅਗਵਾਈ ਉਨ੍ਹਾਂ ਲਈ ਸਦਾ ਪ੍ਰੇਰਨਾ ਵਜੋਂ ਕੰਮ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਖ਼ਰੀ ਸਾਹ ਤਕ ਸਿੱਖ ਸਿਧਾਂਤਾਂ ਨਾਲ ਜੁੜੇ ਰਹਿਣਗੇ। ਫਰਾਂਸ ਵਿਚ ਦਸਤਾਰ ਮਸਲੇ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਯੂ.ਕੇ. ਦੀ ਸੰਸਦ ਵਿਚ ਉਠਾ ਚੁੱਕੇ ਹਨ ਅਤੇ ਇਸ ਦੇ ਹੱਲ ਲਈ ਸਦਾ ਯਤਨਸ਼ੀਲ ਰਹਿਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ

ਸਾਬਤ ਸੂਰਤ ਰਹਿੰਦਿਆਂ ਦਸਤਾਰ ਦੀ ਸ਼ਾਨ ਨੂੰ ਵਧਾਉਣ ਲਈ ਅੱਗੇ ਆਉਣ। 1984 ਵਿਚ ਦਰਬਾਰ ਸਾਹਿਬ ਉਪਰ ਕੀਤੇ ਗਏ ਫ਼ੌਜੀ ਹਮਲੇ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤੇ ਗਏ ਸਿੱਖ ਕਤਲੇਆਮ ਨੂੰ ਮੰਦਭਾਗਾ ਕਰਾਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸ. ਢੇਸੀ ਮੁਤਾਬਕ ਦਸਤਾਰ ਕਿਸੇ ਵੀ ਤਰੱਕੀ ਜਾਂ ਕੰਮ ਵਿਚ ਕਦੇ ਵੀ ਅੜਿੱਕਾ ਨਹੀਂ ਬਣਦੀ ਸਗੋਂ ਇਹ ਸਾਡੀ ਵਖਰੀ ਪਛਾਣ ਤੈਅ ਕਰਦੀ ਹੈ। ਸ. ਢੇਸੀ ਨੇ ਦਸਿਆ ਕਿ ਉਨ੍ਹਾਂ ਅਪਣੇ ਬੱਚੇ ਪੰਜਾਬੀ ਸਕੂਲਾਂ 'ਚ ਪਾਏ ਹਨ ਤਾਕਿ ਅਪਣੀ ਮਾਂ ਬੋਲੀ ਨਾਲ ਜੁੜੇ ਰਹਿਣ। ਸ. ਢੇਸੀ ਨੇ ਜੋੜਾ ਘਰ ਵਿਚ ਸੰਗਤ ਦੇ ਜੋੜੇ ਸਾਫ਼ ਕਰਨ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਜੂਠੇ ਬਰਤਨਾਂ ਦੀ ਸੇਵਾ ਵੀ ਕੀਤੀ।