ਮਾਰੇ ਗਏ 39 ਭਾਰਤੀ ਗ਼ੈਰਕਾਨੂੰਨੀ ਤਰੀਕੇ ਨਾਲ ਗਏ ਸਨ ਇਰਾਕ : ਵੀਕੇ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਕਿ ਇਰਾਕ ‘ਚ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ ਦੁਆਰਾ ਬੰਦੀ ਬਣਾ ਕੇ ਮਾਰੇ ਗਏ ਭਾਰਤੀਆਂ ਦਾ...

VK singh

ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਕਿ ਇਰਾਕ ‘ਚ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ ਦੁਆਰਾ ਬੰਦੀ ਬਣਾ ਕੇ ਮਾਰੇ ਗਏ ਭਾਰਤੀਆਂ ਦਾ ਕਿਸੇ ਵੀ ਦੂਤਾਵਾਸ ‘ਚ ਕੋਈ ਰਿਕਾਰਡ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਟ੍ਰੈਵਲ ਏਜੰਟ ਦੇ ਰਾਹੀਂ ਗਲਤ ਤਰੀਕੇ ਦੇ ਨਾਲ ਗਏ ਸਨ। ਜ਼ਿਕਰਯੋਗ ਹੈ ਕਿ ਅਤਿਵਾਦੀ ਸੰਗਠਨ ਨੇ 40 ਭਾਰਤੀਆਂ ‘ਚੋਂ 39 ਭਾਰਤੀਆਂ ਦਾ ਕਤਲ ਕਰ ਦਿਤਾ ਸੀ ਜਿਹਨਾਂ ‘ਚੋਂ ਇਕ ਖ਼ੁਦ ਨੂੰ ਬੰਗਲਾਦੇਸ਼ੀ ਦਸ ਕੇ ਬਚ ਗਿਆ ਸੀ। ਬੀਤੇ ਦਿਨ ਇਕ ਵਿਸ਼ੇਸ਼ ਜਹਾਜ ਜਰੀਏ 38 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਅੰਮ੍ਰਿਤਸਰ ਦੇ ਅੱਡੇ ‘ਤੇ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਇਨ੍ਹਾਂ ‘ਚੋਂ ਮਾਰੇ ਗਏ ਇਕ ਭਾਰਤੀ ਦੀ ਪਹਿਚਾਣ ਨਹੀਂ ਹੋ ਸਕੀ। ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਿਦੇਸ਼ ਮੰਤਰਾਲੇ ਨੇ 2014 ਤੋਂ ਹੀ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਜਿਸ ‘ਚ ਅਸੀ ਕਿਹਾ ਸੀ ਕਿ ਕਿਸੇ ਨੂੰ ਵੀ ਗ਼ਲਤ ਤਰੀਕੇ ਨਾਲ ਗਲਤ ਲੋਕਾਂ ਦੇ ਰਾਹੀਂ ਬਾਹਰ ਨਹੀਂ ਜਾਣਾ ਚਾਹੀਦਾ। ਇਸ ਤੋਂ ਬਿਨਾਂ ਕਿਸੇ ਵੀ ਦੂਤਾਵਾਸ ਦੇ ਕੋਲੋਂ ਇਨ੍ਹਾਂ ਭਾਰਤੀਆਂ ਦਾ ਰਿਕਾਰਡ ਨਹੀਂ ਮਿਲਿਆ। ਉਹ ਸਾਰੇ ਹੀ ਗਲਤ ਢੰਗ ਨਾਲ ਬਾਹਰ ਗਏ ਸਨ ਜਿਸ ਕਾਰਨ ਉਨ੍ਹਾਂ ਦੀ ਜਾਂਚ ਪੜਤਾਲ ਕਰਨ ‘ਚ ਸਮਾਂ ਲਗ ਗਿਆ।

ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਇਨ੍ਹਾਂ ਲੋਕਾਂ ਬਾਰੇ ਕੋਈ ਵੀ ਜਾਣਕਾਰੀ ਹੁੰਦੀ ਤਾਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ। ਉਹਨਾਂ ਕਿਹਾ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਿਲ ਕੇ ਇਨ੍ਹਾਂ ਧੋਖੇਬਾਜ ਏਜੰਟਾਂ ‘ਤੇ ਨਕੇਲ ਕਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਗ਼ਲਤ ਤਰੀਕੇ ਨਾਲ ਬਾਹਰ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਹੀ ਤਰੀਕੇ ਨਾਲ ਵਿਦੇਸ਼ ਜਾਣ ਤਾਂ ਜੋ ਉਨ੍ਹਾਂ ਦਾ ਰਿਕਾਰਡ ਸਰਕਾਰ ਕੋਲ ਹੋਵੇ।

ਉਨ੍ਹਾਂ ਵਿਸ਼ਵਾਸ਼ ਜਿਤਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਇਨ੍ਹਾਂ ਟ੍ਰੈਵਲ ਏਜੰਟਾਂ ਦੇ ਵਿਰੁਧ ਸਖ਼ਤ ਕਾਰਵਾਈ ਕਰਨਗੇ। ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਮੁੱਦੇ ‘ਤੇ ਮੰਤਰੀ ਨੇ ਕਿਹਾ ਕਿ ਉਹ ਪਰਿਵਾਰ ਸਰਕਾਰ ਨੂੰ ਇਸ ਸਬੰਧੀ ਸਹੀ ਬਿਊਰਾ ਦੇਣ। ਜਦੋਂ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਪ੍ਰਦਾਨ ਕਰੇਗੀ।

ਉਹਨਾਂ ਕਿਹਾ ਕਿ ਹਰੇਕ ਪਰਿਵਾਰ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ‘ਤੇ ਨੌਕਰੀ ਦਿਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਇਹਨਾਂ ਪਰਿਵਾਰਾਂ ਨੂੰ 20 ਹਜਾਰ ਰੁਪਏ ਪ੍ਰਤੀ ਮਹੀਨੇ ਪੈਨਸ਼ਨ ਦੇ ਰੂਪ ‘ਚ ਦੇ ਰਹੀ ਹੈ। ਸਿੱਧੂ ਨੇ ਕਿਹਾ ਕਿ ਟ੍ਰੈਵਲ ਏਜੰਟਾਂ ਦੇ ਮੁੱਦੇ ‘ਤੇ ਕੈਬਨਿਟ ਚਰਚਾ ਕਰੇਗੀ। ਵੀਕੇ ਸਿੰਘ ਨੇ ਕਿਹਾ ਕਿ ਇਰਾਕ ਦੇ ਮਾਰਟਰ ਫਤਊਡੇਸ਼ਨ ਨੇ ਤਾਬੂਤਾਂ ਨੂੰ ਨਾ ਖੋਲਣ ਦੀ ਸਲਾਹ ਦਿਤੀ ਹੈ। ਉਹਨਾਂ ਕਿਹਾ ਕਿ ਇਸ ਵਿਚ ਜਹਿਰੀਲੇ ਪਦਾਰਥ ਪਾਏ ਗਏ ਹਨ ਜਿਸ ਕਾਰਨ ਇਹਨਾਂ ਨੂੰ ਖੋਲਣਾ ਠੀਕ ਨਹੀਂ ਹੈ।