ਨਮੋ ਟੀਵੀ ‘ਤੇ ਮੁਸ਼ਕਿਲ ਵਿਚ ਪੈ ਸਕਦੀ ਹੈ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

31 ਮਾਰਚ ਨੂੰ 'ਮੈਂ ਵੀ ਚੌਂਕੀਦਾਰ' ਪ੍ਰੋਗਰਾਮ ਵਿਚ ਲਾਂਚ ਹੋਇਆ ਸੀ NaMo Tv

NaMo Tv

ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ‘ਨਮੋ ਟੀਵੀ’ ਦੀ ਲਾਂਚਿੰਗ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗੀ ਹੈ। ਚੋਣ ਕਮਿਸ਼ਨ ਵੱਲੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਲਿਖੀ ਗਈ ਚਿੱਠੀ ਵਿਚ ਚੋਣਾਂ ਤੋਂ ਪਹਿਲਾਂ ਅਚਾਨਕ ‘ਨਮੋ ਟੀਵੀ’ ਲਾਂਚ ਕਰਨ ਨੂੰ ਲੈ ਕੇ ਰਿਪੋਰਟ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਦੂਰਦਰਸ਼ਨ ਨੂੰ ਵੀ ਸਵਾਲ ਕਰਦੇ ਹੋਏ ਪੁੱਛਿਆ ਹੈ ਕਿ ਬਤੌਰ ਕੌਮੀ ਪ੍ਰਸਾਰਕ ਉਹ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ ਦੇ ਪ੍ਰੋਗਰਾਮ ਨੂੰ ਕਿਵੇਂ ਪ੍ਰਸਾਰਿਤ ਕਰ ਸਕਦੇ ਹਨ।

ਦੱਸ ਦਈਏ ਕਿ 31 ਮਾਰਚ ਨੂੰ ‘ਮੈਂ ਵੀ ਚੌਂਕੀਦਾਰ’ ਪ੍ਰੋਗਰਾਮ ਵਿਚ ਪੀਐਮ ਮੋਦੀ ਨੇ ਜਨਤਾ ਨੂੰ ਸੰਬੋਧਨ ਕੀਤਾ ਸੀ ਅਤੇ ਇਸ ਪ੍ਰੋਗਰਾਮ ਦਾ ਦੂਰਦਰਸ਼ਨ ‘ਤੇ ਇਕ ਘੰਟੇ ਤਕ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਗੱਲ ਦੀ ਸ਼ਿਕਾਇਤ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਸੀ। 31 ਮਾਰਚ ਨੂੰ ਲਾਂਚ ਕੀਤੇ ਗਏ ‘ਨਮੋ ਟੀਵੀ’ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਅਤੇ ਭਾਜਪਾ ਕੇਂਦਰਿਤ ਪ੍ਰੋਗਰਾਮ ਹਨ। ਬੀਜੇਪੀ ਦੇ ਸੋਸ਼ਲ ਮੀਡੀਆ ਹੈਂਡਲ ਨਾਲ ਦਰਸ਼ਕਾਂ ਨੂੰ ‘ਨਮੋ ਟੀਵੀ’ ਅਤੇ ਨਮੋ ਐਪ ‘ਤੇ ਪੀਐਮ ਮੋਦੀ ਦੇ ਭਾਸ਼ਣ ਅਤੇ ਰੈਲੀਆਂ ਨੂੰ ਦੇਖਣ ਲਈ ਕਿਹਾ ਜਾ ਰਿਹਾ ਹੈ।

ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਸ ਚੈਨਲ ਨੂੰ ਲਾਂਚ ਕੀਤਾ ਗਿਆ। ਇਸ ਚੈਨਲ ਦੀ ਮਲਕੀਅਤ ਨੂੰ ਲੈ ਕੇ ਵੀ ਹਾਲੇ ਕੁਝ ਸਪੱਸ਼ਟ ਨਹੀਂ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਇਸ ਮਾਮਲੇ ‘ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਚੁੱਕੇ ਹਨ।

ਇਕ ਖਬਰ ਮੁਤਾਬਿਕ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੂੰ ਇਸ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਚਿੱਠੀ ਭੇਜੀ ਗਈ ਹੈ। ਸੂਚਨਾ ਪ੍ਰਸਾਰਣ ਮੰਤਰਾਲਾ ਇਸਦੇ ਸਬੰਧ ਵਿਚ ਕੰਮ ਕਰ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਪਾਰਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦੀ ਮਨਜ਼ੂਰੀ ਕਿਵੇਂ ਮਿਲੀ?

ਉੱਥੇ ਹੀ ਕਾਂਗਰਸ ਦਾ ਦੋਸ਼ ਹੈ ਕਿ ਡੀਟੀਐਚ ਪਲੇਟਫਾਰਮ ‘ਤੇ ਭਾਜਪਾ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰ ਰਹੀ ਹੈ ਅਤੇ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਮਿਲੇ ਚੈਨਲਾਂ ਦੀ ਸੂਚੀ ਵਿਚ ਵੀ ਇਸ ਚੈਨਲ ਦਾ ਨਾਂਅ ਨਹੀਂ ਹੈ। ਕਾਂਗਰਸ ਦਾ ਕਹਿਣਾ ਹੈ ਕਿ ਨਮੋ ਟੀਵੀ ‘ਤੇ ਮੌਜੂਦ ਸਮੱਗਰੀ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ 1994 ਦੇ ਨਿਯਮ 7(3) ਦਾ ਵੀ ਉਲੰਘਣ ਕਰਦੀ ਹੈ।

ਇਸਤੋਂ ਇਲਾਵਾ ਕਾਂਗਰਸ ਨੇ ਚੋਣ ਕਮਿਸ਼ਨ ਦਾ ਧਿਆਨ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਏ ਇਕ 24 ਮਿੰਟ ਦੇ ਲੰਬੇ ਪ੍ਰੋਗਰਾਮ ਵੱਲ ਵੀ ਦਿਵਾਇਆ ਹੈ। ‘ਮੈਂ ਵੀ ਚੌਂਕੀਦਾਰ’ ਸ਼ੋਅ ਦਾ ਸਿੱਧਾ ਪ੍ਰਸਾਰਣ ਕਰਨ ਅਤੇ ਡੀਡੀ ਨਿਊਜ਼ ਦੇ ਸੋਸ਼ਲ ਮੀਡੀਆ ਹੈਂਡਲ @DDNHLive ‘ਤੇ ਪ੍ਰਚਾਰ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਹੈ।