ਭਾਰਤੀ ਰਾਸ਼ਟਰਪਤੀ ਦੀ ਮੌਜੂਦਗੀ ’ਚ ਗੁਰਬਾਣੀ ਦੀ ਬੇਅਦਬੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮੌਜੂਦਗੀ ’ਚ ਮੂਲਮੰਤਰ ’ਤੇ ਡਾਂਸ
ਨਵੀਂ ਦਿੱਲੀ- ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਜਿਹੇ ਮਾਹੌਲ ’ਚ ਇੱਕ ਹੋਰ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਭਾਰਤ ਦੇ ਰਾਸ਼ਟਰਪਤੀ ਦੀ ਮੌਜੂਦਗੀ ’ਚ ਹੁਣ ਗੁਰਬਾਣੀ ਦੀ ਬੇਅਦਬੀ ਹੋਈ ਹੈ। ਜਿੱਥੇ ਇੰਡੀਅਨ ਕਮਿਊਨਿਟੀ ਐਂਡ ਫਰੈਂਡਜ਼ ਆਫ ਇੰਡੀਆ ਦੇ ਬੈਨਰ ਹੇਠ ਇੱਥੇ ਵੱਸਦੇ ਭਾਰਤੀਆਂ ਲਈ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਜੋ ਸਟੇਜ ’ਤੇ ਹੋਇਆ ਉਸਨੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਸਟੇਜ ’ਤੇ ਕੁਝ ਕਲਾਕਾਰਾਂ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਅਤੇ ਮੂਲ ਮੰਤਰ ’ਤੇ ਡਾਂਸ ਕਰਦੇ ਹੋਏ ਨਜ਼ਰ ਆਏ। ਸਟੇਜ਼ ’ਤੇ ਬੈਠ ਸਾਜ ਵਜਾ ਰਹੇ ਕਲਾਕਾਰ ਅਤੇ ਡਾਂਸ ਕਰ ਰਹੀ ਲੜਕੀ ’ਚੋਂ ਕਿਸੇ ਨੇ ਵੀ ਸਿਰ ਨਹੀਂ ਢੱਕਿਆ ਅਤੇ ਉਪਰੋਂ ਗੁਰਬਾਣੀ ’ਤੇ ਡਾਂਸ ਵੀ ਕੀਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਦੇਸ਼ ਦੇ ਰਾਸ਼ਰਪਤੀ ਦੇ ਫੇਸਬੁੱਕ ਪੇਜ਼ ’ਤੇ ਪਾਇਆ ਗਿਆ ਹੈ। ਗੁਰਬਾਣੀ ਦੇ ਹੋਏ ਇਸ ਨਿਰਾਦਰ ਨਾਲ ਸਿੱਖ ਭਾਈਚਾਰੇ ’ਚ ਰੋਸ ਉਠਣਾ ਸ਼ੁਰੂ ਹੋ ਗਿਆ ਹੈ। ਪਰ ਸਵਾਲ ਇਹ ਉਠਦਾ ਹੈ ਕਿ ਧਰਮ ਨਿਰਪੱਖ ਕਹਾਉਣ ਵਾਲੇ ਦੇਸ਼ ਦੇ ਪਹਿਲੇ ਨਾਗਰਿਕ ਨੂੰ ਹੀ ਇਸ ਦੇਸ਼ ਦੇ ਧਰਮਾਂ ਦੀ ਮਰਿਆਦਾ ਦਾ ਖ਼ਿਆਲ ਨਹੀਂ ਅਤੇ ਉਹਨਾਂ ਦੀ ਮੌਜੂਦਗੀ ਵਿਚ ਹੀ ਇੱਕ ਧਰਮ ਦੀ ਗੁਰਬਾਣੀ ਦਾ ਨਿਰਾਦਰ ਕੀਤਾ ਗਿਆ ਹੈ। ਫਿਲਹਾਲ ਇਸ ਮੁੱਦੇ ’ਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਕੀ ਕਰਦੀਆਂ ਨੇ ਦੇਖਣਯੋਗ ਹੋਵੇਗਾ।