ਹੁਣ ਨਵਜੰਮੇ ਜੌੜੇ ਬੱਚਿਆਂ ਦਾ ਨਾਂਅ ਰੱਖਿਆ 'COVID' ਤੇ 'Corona'
ਲੋਕਾਂ 'ਚੋਂ ਕੋਰੋਨਾ ਦਾ ਡਰ ਖ਼ਤਮ ਕਰਨ ਲਈ ਬੇਟੇ ਦਾ ਨਾਂਅ ਕੋਵਿਡ ਤੇ ਬੇਟੀ ਦਾ ਨਾਂਅ ਕੋਰੋਨਾ ਰੱਖਣ ਦਾ ਫ਼ੈਸਲਾ ਕੀਤਾ
ਨਵੀਂ ਦਿੱਲੀ- ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ।ਅਜਿਹੇ ਵਿਚ ਕਈ ਲੋਕ ਆਪਣੇ ਨਵਜੰਮੇ ਬੱਚਿਆਂ ਦੇ ਅਜੀਬੋ ਗਰੀਬ ਨਾਮ ਰੱਖ ਰਹੇ ਹਨ ਤੇ ਦੇਸ਼ ਭਰ ਵਿਚ ਹੋਏ ਲੌਕਡਾਊਨ ਦੇ ਚੌਥੇ ਦਿਨ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਇਕ ਬੱਚਾ ਪੈਦਾ ਹੋਇਆ ਸੀ। ਉਸ ਬੱਚੇ ਦਾ ਨਾਮ ਲੌਕਡਾਊਨ ਰੱਖਿਆ ਗਿਆ ਹੈ ਤੇ ਹੁਣ ਅਜਿਹਾ ਹੀ ਇਕ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਜੁੜਵਾ ਬੱਚੇ ਪੈਦਾ ਹੋਏ ਜਿਹਨਾਂ ਦਾ ਨਾਮ ਕੋਰੋਨਾ ਅਤੇ ਕੋਵਿਡ ਰੱਖਿਆ ਗਿਆ ਹੈ। ਇਹ ਦੋਨੋਂ ਭੈਣ-ਭਰਾ ਹਨ।
ਰਾਏਪੁਰ ਦੀ ਪੁਰਾਣੀ ਬਸਤੀ ਦੇ ਵਸਨੀਕ ਵਿਨੈ ਵਰਮਾ ਅਤੇ ਪ੍ਰੀਤੀ ਵਰਮਾ ਨੇ ਆਪਣੇ ਜੁੜਵਾ ਬੇਟਾ-ਬੇਟੀ ਦਾ ਨਾਂਅ 'Corona' ਅਤੇ 'Covid' ਰੱਖਿਆ ਹੈ। ਪ੍ਰੀਤੀ ਵਰਮਾ ਨੇ ਇੱਕ ਹਫ਼ਤਾ ਪਹਿਲਾਂ ਰਾਏਪੁਰ ਮੈਡੀਕਲ ਕਾਲਜ ਹਸਪਤਾਲ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਦੋ ਦਿਨ ਪਹਿਲਾਂ ਇਨ੍ਹਾਂ ਦਾ ਨਾਮਕਰਣ ਕੀਤਾ, ਜਿਸ 'ਚ ਬੇਟੇ ਦਾ ਨਾਮ ਕੋਵਿਡ ਤੇ ਬੇਟੀ ਦਾ ਨਾਮ ਕੋਰੋਨਾ ਰੱਖਿਆ।
ਇਸ ਬਾਰੇ ਪੁੱਛੇ ਜਾਣ 'ਤੇ ਪ੍ਰੀਤੀ ਨੇ ਦੱਸਿਆ ਕਿ ਇਸ ਸਮੇਂ ਸਾਰੇ ਲੋਕਾਂ ਦੇ ਦਿਲ-ਦਿਮਾਗ 'ਚ ਕੋਰੋਨਾ ਛਾਇਆ ਹੋਇਆ ਹੈ। ਅਜਿਹੇ 'ਚ ਲੋਕਾਂ 'ਚੋਂ ਕੋਰੋਨਾ ਦਾ ਡਰ ਖ਼ਤਮ ਕਰਨ ਲਈ ਬੇਟੇ ਦਾ ਨਾਂਅ ਕੋਵਿਡ ਤੇ ਬੇਟੀ ਦਾ ਨਾਂਅ ਕੋਰੋਨਾ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ ਅਤੇ ਕਈਆਂ ਨੇ ਇਸ ਦੀ ਨਿਖੇਧੀ ਵੀ ਕੀਤੀ ਹੈ।
ਮਾਂ ਅਤੇ ਬੱਚੇ ਬਿਲਕੁਲ ਤੰਦਰੁਸਤ ਹਨ। ਇਕ ਬੱਚੇ ਦਾ ਭਾਰ 2.9 ਕਿਲੋਗ੍ਰਾਮ ਅਤੇ ਦੂਜੇ ਬੱਚੇ ਦਾ ਭਾਰ 2.7 ਕਿਲੋਗ੍ਰਾਮ ਹੈ। ਇਕ ਰਿਪੋਰਟ ਮੁਤਾਬਿਕ ਡਾ. ਭੀਮ ਰਾਓ ਅੰਬੇਦਕਰ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਦੋਹਾਂ ਬੱਚਿਆਂ ਦੀ ਜਾਨ ਬਚਾਈ ਅਤੇ ਉਹਨਾਂ ਨੂੰ ਦੁਨੀਆ 'ਚ ਲਿਆਂਦਾ। ਹਸਪਤਾਲ ਦੀ ਲੋਕ ਸੰਪਰਕ ਅਧਿਕਾਰੀ ਸ਼ੁਭਰਾ ਸਿੰਘ ਨੇ ਦੱਸਿਆ ਕਿ ਜਦੋਂ ਔਰਤ ਨੇ ਲੇਬਰ ਪੇਨ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਇੱਥੇ ਲਿਆਂਦਾ ਗਿਆ।
ਪ੍ਰੀਤੀ ਨੇ ਦੱਸਿਆ ਕਿ ਢਿੱਡ 'ਚ ਦਰਦ ਹੋਣ 'ਤੇ ਕੋਈ ਗੱਡੀ ਨਹੀਂ ਮਿਲੀ। ਅਜਿਹੇ 'ਚ ਉਸ ਦਾ ਪਤੀ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਹਸਪਤਾਲ ਲੈ ਗਿਆ ਸੀ। ਰਸਤੇ 'ਚ ਕਈ ਥਾਵਾਂ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਗਈ ਸੀ ਪਰ ਫਿਰ ਵੀ ਪਤੀ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ। ਤੇ ਹੁਣ ਬੱਚੇ ਤੇ ਮਾਂ ਸਹੀ ਸਲਾਮਤ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।