ਅਮਰੀਕਾ ਨੇ ਕੀਤਾ ਦਾਅਵਾ, ਬਣ ਗਿਆ ਕਰੋਨਾ ਦਾ ਟੀਕਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਆਤੰਕ ਫੈਲਾ ਰੱਖਿਆ ਹੈ ਜਿਸ ਕਾਰਨ ਇਸ ਵਾਇਰਸ ਨਾਲ ਪੂਰੀ ਦੁਨੀਆਂ ਵਿਚ 53000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ

coronavirus

ਵਾਸ਼ਿੰਗਟਨ : ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਆਤੰਕ ਫੈਲਾ ਰੱਖਿਆ ਹੈ ਜਿਸ ਕਾਰਨ ਇਸ ਵਾਇਰਸ ਨਾਲ ਪੂਰੀ ਦੁਨੀਆਂ ਵਿਚ 53000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਜ਼ ਲਈ ਵੱਖ-ਵੱਖ ਦੇਸ਼ਾਂ ਦੇ ਡਾਕਟਰ ਲੱਗੇ ਹੋਏ ਹਨ ਪਰ ਹਾਲੇ ਤੱਕ ਇਸ ਦਾ ਕੋਈ ਇਲਾਜ਼ ਨਹੀਂ ਮਿਲਿਆ ਪਰ ਹੁਣ ਅਮਰੀਕਾ ਦੇ ਵਿਗਿਆਨੀਆਂ ਵੱਲ਼ੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੱਲੋਂ ਤਿਆਰ ਕੀਤੇ ਟੀਕੇ ਵਿਚ ਉਸ ਪੱਧਰ ਦੀ ਤਾਕਤ ਹੈ ਕਿ ਉਹ ਇਸ ਵਾਇਰਸ ਨੂੰ ਖਤਮ ਕਰ ਸਕਦਾ ਹੈ। ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਉਹ ਬਾਕੀ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜਲਦੀ ਕੋਵਿਡ-19 ਦੇ ਇਲਾਜ ਦਾ ਟੀਕਾ ਵਿਕਸਿਤ ਕਰ ਚੁੱਕੇ ਹਨ।

ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਿਹੜਾ ਟੀਕਾ ਬਣਾਇਆ ਹੈ ਉਸ ਲਈ ਇਹਨਾਂ ਲੋਕਾਂ ਨੇ ਸਾਰਸ (SARS) ਅਤੇ ਮਰਸ (MERS) ਦੇ ਕੋਰੋਨਾਵਾਇਰਸ ਨੂੰ ਆਧਾਰ ਬਣਾਇਆ ਸੀ। ਪਿਟਸਬਰਗ ਸਕੂਲ ਆਫ ਮੈਡੀਸਨ ਦੀ ਐਸੋਸੀਏਟ ਪ੍ਰੋਫੈਸੇਰ ਆਂਦਰੀਯਾ ਗਮਬੋਟੋ ਨੇ ਦੱਸਿਆ ਕਿ ਇਹ ਦੋਵੇਂ ਸਾਰਸ ਅਤੇ ਮਰਸ ਦੇ ਵਾਇਰਸ ਨਵੇਂ ਵਾਲੇ ਕੋਰੋਨਾਵਾਇਰਸ ਮਤਲਬ ਕੋਵਿਡ-19 ਨਾਲ ਕਾਫੀ ਹੱਦ ਤੱਕ ਮਿਲਦੇ ਹਨ। ਇਸ ਨਾਲ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਇਹਨਾਂ ਤਿੰਨਾਂ ਦੇ ਸਪਾਇਕ ਪ੍ਰੋਟੀਨ (ਵਾਇਰਸ ਦੀ ਬਾਹਰੀ ਪਰਤ) ਨੂੰ ਪਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਨਸਾਨਾਂ ਦੇ ਇਸ ਵਾਇਰਸ ਤੋਂ ਮੁਕਤੀ ਮਿਲ ਸਕੇ। ਪ੍ਰੋਫੈਸਰ ਆਂਦਰੀਯਾ ਗਮਬੋਟੋ ਨੇ ਕਿਹਾ,''ਅਸੀਂ ਇਹ ਪਤਾ ਕਰ ਲਿਆ ਹੈ ਕਿ ਵਾਇਰਸ ਨੂੰ ਕਿਵੇਂ ਮਾਰਨਾ ਹੈ। ਉਸ ਨੂੰ ਕਿਵੇਂ ਹਰਾਉਣਾ ਹੈ। ਅਸੀਂ ਆਪਣਾ ਟੀਕਾ ਚੂਹਿਆਂ 'ਤੇ ਅਜਮਾ ਕੇ ਦੇਖਿਆ ਅਤੇ ਇਸ ਦੇ ਨਤੀਜੇ ਬਹੁਤ ਪੌਜੀਟਿਵ ਸਨ।

'' ਗਮਬੋਟੋ ਨੇ ਦੱਸਿਆ ਕਿ ਇਸ ਟੀਕੇ ਦਾ ਨਾਮ ਅਸੀਂ ਪਿਟਗੋਵੈਕ (PittGoVacc) ਰੱਖਿਆ ਹੈ। ਇਸ ਟੀਕੇ ਦੇ ਅਸਰ ਦੇ ਕਾਰਨ ਚੂਹਿਆਂ ਦੇ ਸਰੀਰ ਵਿਚ ਅਜਿਹੇ ਐਂਟੀਬੌਡੀਜ਼ ਪੈਦਾ ਹੋ ਗਏ ਹਨ ਜੋ ਕੋਰੋਨਾਵਾਇਰਸ ਨੂੰ ਰੋਕਣ ਵਿਚ ਕਾਰਗਰ ਹਨ। ਪ੍ਰੋਫੈਸਰ ਗਮਬੋਟੋ ਨੇ ਦੱਸਿਆ,''ਕੋਵਿਡ-19 ਨੂੰ ਰੋਕਣ ਲਈ ਜਿੰਨੇ ਐਂਟੀਬੌਡੀਜ਼ ਸਰੀਰ ਵਿਚ ਚਾਹੀਦੇ ਹਨ ਉਨੀ ਹੀ ਪਿਟਗੋਵੈਕ ਟੀਕਾ ਪੂਰੇ ਕਰ ਰਿਹਾ ਹੈ। ਅਸੀਂ ਬਹੁਤ ਜਲਦੀ ਹੀ ਇਸ ਦਾ ਪਰੀਖਣ ਇਨਸਾਨਾਂ 'ਤੇ ਸ਼ੁਰੂ ਕਰਾਂਗੇ।'' ਪਿਟਸਬਰਗ ਸਕੂਲ ਆਫ ਮੈਡੀਸਨ ਦੀ ਇਹ ਟੀਮ ਅਗਲੇ ਕੁਝ ਮਹੀਨਿਆਂ ਵਿਚ ਇਸ ਟੀਕੇ ਦਾ ਇਨਸਾਨਾਂ 'ਤੇ ਟ੍ਰਾਇਲ ਸ਼ੁਰੂ ਕਰੇਗੀ। ਇਹ ਵੈਕਸੀਨ ਟੀਕੇ ਵਾਂਗ ਨਹੀਂ ਹੈ ਇਹ ਇਕ ਚੌਕੋਰ ਪੈਚ ਜਿਹੀ ਹੈ ਜੋ ਸਰੀਰ ਦੇ ਕਿਸੇ ਵੀ ਜਗ੍ਹਾ 'ਤੇ ਚਿਪਕਾ ਦਿੱਤੀ ਜਾਂਦੀ ਹੈ।

ਇਸ ਪੈਚ ਦਾ ਆਕਾਰ ਉਂਗਲ ਦੇ ਟਿਪ ਜਿਹਾ ਹੈ। ਇਸ ਪੈਚ ਵਿਚ 400 ਤੋਂ ਜ਼ਿਆਦਾ ਛੋਟੀਆਂ-ਛੋਟੀਆਂ ਸੂਈਆਂ ਹਨ ਜੋ ਸ਼ੱਕਰ ਨਾਲ ਬਣਾਈਆਂ ਗਈਆਂ ਹਨ। ਇਸੇ ਪੈਚ ਦੇ ਜ਼ਰੀਏ ਉਸ ਵਿਚ ਮੌਜੂਦ ਦਵਾਈ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਇਆ ਜਾਂਦਾ ਹੈ। ਟੀਕਾ ਦੇਣ ਦਾ ਇਹ ਤਰੀਕਾ ਬਹੁਤ ਨਵਾਂ ਹੈ ਅਤੇ ਕਾਰਗਰ ਵੀ। ਭਾਵੇਂਕਿ ਗਮਬੋਟੋ ਦੀ ਟੀਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਐਂਟੀਬੌਡੀ ਦਾ ਅਸਰ ਕਿੰਨੀ ਦੇਰ ਤੱਕ ਰਹੇਗਾ ਚੂਹੇ ਦੇ ਸਰੀਰ ਵਿਚ ਪਰ ਟੀਮ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਮਰਸ ਵਾਇਰਸ ਲਈ ਟੀਕਾ ਬਣਾਇਆ ਸੀ ਜੋ ਬਹੁਤ ਸਫਲ ਸੀ।