ਦਿੱਲੀ ’ਚ ਕੋਰੋਨਾ ਦੀ ਚੌਥੀ ਲਹਿਰ, ਤਾਲਾਬੰਦੀ ਬਾਰੇ ਹੁਣ ਨਹੀਂ ਸੋਚਿਆ : ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਅਪ੍ਰੈਲ ਤੋਂ ਦਿੱਲੀ ਦੀ ਜੇਲ ’ਚ ਬੰਦ ਕੈਦੀ ਨਹੀਂ ਮਿਲ ਸਕਣਗੇ ਘਰਵਾਲਿਆਂ ਨੂੰ

Arvind Kejriwal

ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਇਕ ਸਮੀਖਿਆ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਲਈ ਕੋਰੋਨਾ ਦੀ ਦੂਜੀ ਲਹਿਰ ਹੋ ਸਕਦੀ ਹੈ ਪਰ ਦਿੱਲੀ ਲਈ ਇਹ ਚੌਥੀ ਲਹਿਰ ਹੈ ਪਰ ਤਾਲਾਬੰਦੀ ’ਤੇ ਹੁਣ ਤਕ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕੇਂਦਰ ਤੋਂ ਸੂਬਿਆਂ ਨੂੰ ਵੱਡੇ ਪੱਧਰ ’ਤੇ ਟੀਕਾਕਰਨ ਚਲਾਉਣ ਦੀ ਇਜਾਜ਼ਤ ਦੇਣ ਦੀ ਵੀ ਬੇਨਤੀ ਕੀਤੀ। 

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ’ਚ ਤਾਲਾਬੰਦੀ ਲਗਾਉਣ ਦੀ ਜ਼ਰੂਰਤ ਹੋਈ ਤਾਂ ਵਿਚਾਰ ਕਰਨ ਦੇ ਬਾਅਦ ਹੀ ਇਹ ਫ਼ੈਸਲਾ ਲਿਆ ਜਾਵੇਗਾ। ਨਾਲ ਹੀ ਕਿਹਾ ਕਿ ਚੌਥੀ ਲਹਿਰ ਸਥਿਤੀ ਪਹਿਲਾਂ ਦੇ ਮੁਕਾਬਲੇ ’ਚ ਜ਼ਿਆਦਾ ਗੰਭੀਰ ਨਹੀਂ ਹੈ ਕਿਉਂਕਿ ਮੌਤਾਂ ਦੇ ਘੱਟ ਮਾਮਲੇ ਆਏ ਹਨ ਅਤੇ ਹਸਪਤਾਲ ’ਚ ਦਾਖ਼ਲ ਕਰਾਉਣ ਦੀ ਵੀ ਘੱਟ ਲੋੜ ਪਈ ਹੈ।

ਹਾਲਾਂਕਿ, ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਪਰ ਘਬਰਾਉਣ ਦੀ ਲੋੜ ਨਹੀਂ। ਸਰਕਾਰ ਦੀ ਸਥਿਤੀ ’ਤੇ ਨਜ਼ਰ ਬਣੀ ਹੋਈ ਹੈ।  ਜੋ ਵੀ ਉਚਿਤ ਲੋੜੀਂਦੇ ਕਦਮ ਹਨ ਅਸੀਂ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਟੈਸਟਿੰਗ, ਟਰੇਸਿੰਗ ਅਤੇ ਏਕਾਂਤਵਾਸ ਕਰਨ ਦਾ ਕੰਮ ਬਹੁਤ ਤੇਜੀ ਨਾਲ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਭਾਗੀਦਾਰੀ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰਿਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਮਾਜਕ ਦੂਰੀਆਂ ਬਣਾ ਕੇ ਰਖਣੀਆਂ ਚਾਹੀਦੀਆਂ ਹਨ।

ਉਚ ਪੱਧਰੀ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਸੁਝਾਅ ਦਿਤਾ ਕਿ ਕੇਂਦਰ ਨੂੰ ਵੱਡੇ ਪੱਧਰ ’ਤੇ ਟੀਕਾਕਰਨ ਦਾ ਰਾਹ ਪੱਧਰਾ ਕਰਨਾ ਲਈ 45 ਸਾਲ ਤੋਂ ਵੱਧ ਦੀ ਉਮਰ ਦੀ ਸ਼ਰਤਾਂ ਨੂੰ ਖ਼ਤਮ ਕਰਨ ਦੇਣਾ ਚਾਹੀਦਾ ਹੈ।

ਪੰਜ ਅਪ੍ਰੈਲ ਤੋਂ ਦਿੱਲੀ ਦੀ ਜੇਲ ’ਚ ਬੰਦ ਕੈਦੀ ਨਹੀਂ ਮਿਲ ਸਕਣਗੇ ਘਰਵਾਲਿਆਂ ਨੂੰ : ਕੋਵਿਡ 19 ਦੇ ਵਧਦੇ ਮਾਮਲਿਆਂ ਦੌਰਾਨ ਦਿੱਲੀ ਜੇਲ ਵਿਭਾਗ ਨੇ ਫ਼ੈਸਲਾ ਲਿਆ ਹੈ ਕਿ ਉਹ ਪੰਜ ਅਪ੍ਰੈਲ ਤੋਂ ਜੇਲ ’ਚ ਬੰਦ ਕੈਦੀਆਂ ਨਾਲ ਉਨ੍ਹਾਂ ਦੇ ਘਰਵਾਲਿਆਂ ਦੀ ਮੁਲਾਕਾਤ ’ਤੇ ਰੋਕ ਲਗਾਉਣਗੇ। ਉਨ੍ਹਾਂ ਕਿਹਾ ਕਿ  ਅੰਦਰੂਨੀ ਮੁਲਾਕਾਤ ਦੀ ਵਿਵਸਥਾ ਨੂੰ ਕੈਦੀਆਂ ਦੀ ਆਮ ਰੁਟੀਨ ਦੇ ਮੱਦੇਨਜ਼ਰ 20 ਮਾਰਚ ਤੋਂ ਬਹਾਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਕੈਦੀਆਂ ਨਾਲ ਉਨ੍ਹਾਂ ਦੇ ਵਕੀਲਾਂ ਦੀ ਮੁਲਾਕਾਤ ਦੀ ਵਿਵਸਥਾ ਹਾਲਾਂਕਿ ਕੋਵਿਡ ਦੀਆਂ ਪੂਰੀ ਸਾਵਧਾਨੀਆਂ ਨਾਲ ਜਾਰੀ ਰਹੇਗੀ। ਕੈਦੀਆਂ ਲਈ ਫ਼ੋਨ ਅਤੇ ਈ-ਮੁਲਾਕਾਤ ਦੀ ਸੁਵਿਧਾ ਵੀ ਬਰਕਰਾਰ ਰਹੇਗੀ।