ਹਰ ਧਰਮ ਨੂੰ ਸਨਮਾਨ ਦੇਣ ਦੀ ਆਪਣੀ ਪਰੰਪਰਾ ’ਚ ਵਿਸ਼ਵਾਸ ਰੱਖਦੀ ਹਾਂ - ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਲਿਤ ਦੇ ਵਿਹੜੇ ’ਚ ਖਾਣਾ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਰਹੇ ਹਨ ਭਾਜਪਾ ਨੇਤਾ - ਮਮਤਾ

Mamata Banerjee

 ਬੰਗਾਲ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਭਾਜਪਾ ’ਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਾਜ ’ਚ ਸੰਪਰਦਾਇਕ ਸੰਘਰਸ਼ ਪੈਦਾ ਕਰਨ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਮੁਖੀ ਨੇ ਦੱਖਣ 24 ਪਰਗਨਾ ਜ਼ਿਲੇ ਦੇ ਰੈਦਿਘੀ ’ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਸਲਮਾਨਾਂ ਨੂੰ ਹੈਦਰਾਬਾਦ ਦੀ ਭਾਜਪਾ ਦੇ ਸਮਰਥਨ ਵਾਲੀ ਪਾਰਟੀ ਅਤੇ ਉਸ ਦੀਆਂ ਬੰਗਾਲ ਦੀ ਸਹਿਯੋਗੀ ਪਾਰਟੀਆਂ ਦੇ ਜਾਲ ’ਚ ਨਾ ਫਸਣ ਦੀ ਵੀ ਅਪੀਲ ਕੀਤੀ, ਜੋ ਮਤਾਂ ਦਾ ਧਰੁਵੀਕਰਨ ਕਰਨ ਆਈਆਂ ਹਨ। 

ਸੰਬੋਧਨ ਦੌਰਾਨ ਮਮਤਾ ਨੇ ਆਪਣੀ ਹਿੰਦੂ ਪਛਾਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੈਂ ਇਕ ਹਿੰਦੂ ਹਾਂ ਜੋ ਹਰ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਚੰਡੀ ਮੰਤਰ ਦਾ ਜਾਪ ਕਰਦੀ ਹਾਂ ਪਰ ਮੈਂ ਹਰ ਧਰਮ ਨੂੰ ਸਨਮਾਨ ਦੇਣ ਦੀ ਆਪਣੀ ਪਰੰਪਰਾ ’ਚ ਵਿਸ਼ਵਾਸ ਰੱਖਦੀ ਹਾਂ। ਦਲਿਤਾਂ ਦੇ ਘਰ ’ਚ ਭੋਜਨ ਖਾਣ ’ਤੇ ਭਾਜਪਾ ਨੇਤਾਵਾਂ ’ਤੇ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਕ ਬ੍ਰਾਹਮਣ ਮਹਿਲਾ ਹਾਂ ਪਰ ਮੇਰੀ ਕਰੀਬੀ ਸਹਿਯੋਗੀ ਇਕ ਅਨੁਸੂਚਿਤ ਜਾਤੀ ਦੀ ਮਹਿਲਾ ਹੈ ਜੋ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ। ਉਹ ਮੇਰੇ ਲਈ ਭੋਜਨ ਵੀ ਪਕਾਉਂਦੀ ਹੈ।

ਬੈਨਰਜੀ ਨੇ ਕਿਹਾ ਕਿ ਮੈਨੂੰ ਇਸ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੋ ਦਲਿਤ ਦੇ ਵਿਹੜੇ ’ਚ ਖਾਣਾ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਕੇ ਖਾ ਰਹੇ ਹਨ ਉਹ ਦਲਿਤ ਵਿਰੋਧੀ, ਪਿਛੜਾ ਵਰਗ ਵਿਰੋਧੀ ਅਤੇ ਘੱਟ ਗਿਣਤੀ ਵਿਰੋਧੀ ਹਨ। ਮਮਤਾ ਬੈਨਰਜੀ ਨੇ ਅਸਦੁਦੀਨ ਓਵੈਸੀ ਦੀ ਪ੍ਰਧਾਨਗੀ ਵਾਲੀ ਏ.ਆਈ.ਐੱਮ.ਆਈ.ਐੱਮ. ਅਤੇ ਅਬਾਸ ਸਿਦਿੱਕੀ ਦੀ ਆਈ.ਐੱਸ.ਐੱਫ. ’ਤੇ ਨਿਸ਼ਾਨਾ ਲਗਾਉਂਦੇ ਹੋਏ ਇਹ ਟਿੱਪਣੀ ਕੀਤੀ ਕਿ ਓਵੈਸੀ ਅਤੇ ਸਿਦਿੱਕੀ ਦੋਵਾਂ ਨੇ ਪਹਿਲਾਂ ਟੀ.ਐੱਮ.ਸੀ. ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

ਆਈ.ਐੱਸ.ਐੱਫ. ਮਾਕਪਾ ਅਤੇ ਕਾਂਗਰਸ ਦੇ ਗਠਜੋੜ ਨਾਲ ਚੋਣਾਂ ਲੜ ਰਹੀ ਹੈ। ਟੀ.ਐੱਮ.ਸੀ. ਮੁਖੀ ਨੇ ਹਿੰਦੂਆਂ  ਨੂੰ ਭਾਜਪਾ ਦੀਆਂ ਸਾਂਪਰਦਾਇਕ ਝੜਪਾਂ ਲਈ ਉਕਸਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਖੜ੍ਹਾ ਹੋਣ ਦੀ ਵੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕਿਆਂ ’ਚ ਪਰੇਸ਼ਾਨੀ ਪੈਦਾ ਕਰਨ ਲਈ ਭੇਜੇ ਗਏ ਬਾਹਰੀ ਲੋਕਾਂ ਨੂੰ ਖਦੇੜਨ ਦੀ ਵੀ ਅਪੀਲ ਕੀਤੀ।