ਰਾਕੇਸ਼ ਟਿਕੈਤ ਦੇ ਕਾਫ਼ਲੇ ’ਤੇ ਹਮਲਾ, ਕਾਰ ਦੇ ਸ਼ੀਸ਼ੇ ਭੰਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜ ਵਿਰੋਧੀ ਅਨਸਰਾਂ ਨੇ ਟਿਕੈਤ ’ਤੇ ਸੁੱਟੀ ਸਿਆਹੀ

Rakesh Tikait

ਅਲਵਰ : ਕਿਸਾਨ ਅੰਦੋਲਨ ਦੇ ਆਗੂ ਰਾਕੇਸ ਟਿਕੈਤ ਦੇ ਕਾਫ਼ਲੇ ’ਤੇ ਸ਼ੁਕਰਵਾਰ ਨੂੰ ਰਾਜਸਥਾਨ ’ਚ ਭੀੜ ਨੇ ਹਮਲਾ ਕਰ ਦਿਤਾ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਟਿਕੈਤ ਅਲਵਰ ਦੇ ਹਰਸੌਰਾ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਬਾਂਸੂਰ ਜਾ ਰਹੇ ਸਨ। ਇਸ ਦੌਰਾਨ ਤਰਤਾਰਪੁਰ ਵਿਚ ਭੀੜ ਨੇ ਟਿਕੈਤ ਦੇ ਕਾਫ਼ਲੇ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ। ਟਿਕੈਤ  ਦੀ ਕਾਰ ਦਾ ਸ਼ੀਸ਼ਾ ਪੱਥਰ ਨਾਲ ਟੁੱਟ ਗਿਆ।

ਇਸ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਟਿਕੈਤ ’ਤੇ ਸਿਆਹੀ ਵੀ ਸੁੱਟ ਦਿਤੀ। ਹਾਲਾਂਕਿ ਸਮੇਂ ਦੇ ਨਾਲ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਂਦਿਆਂ, ਸੁਰੱਖਿਆ ਘੇਰਾ ਵਿਚੋਂ ਹੀ ਟਿਕੈਤ ਨੂੰ ਬਾਹਰ ਕੱਢ ਲਿਆ। ਪੁਲਿਸ ਸੁਰੱਖਿਆ ਦੇ ਵਿਚਕਾਰ, ਟਿਕੈਤ ਨੂੰ ਉਥੋਂ ਬਾਂਸੂਰ ਲਿਜਾਇਆ ਗਿਆ ਹੈ। ਰਾਕੇਸ ਟਿਕੈਤ ਨੇ ਖ਼ੁਦ ਸ਼ੋਸ਼ਲ ਮੀਡੀਆ ’ਤੇ ਅਪਣੀ ਕਾਰ ’ਤੇ ਹੋਏ ਹਮਲੇ ਬਾਰੇ ਲਿਖਿਆ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇੇ ਦੇ ਤਨਸਾਰਪੁਰ ਰੋਡ, ਬਾਂਸੂਰ ਰੋਡ ’ਤੇ ਭਾਜਪਾ ਦੇ ਗੁੰਡਿਆਂ ਦੁਆਰਾ ਹਮਲਾ ਲੋਕਤੰਤਰ ਦੇ ਕਾਤਾਲਾਨਾ ਹਮਲਾ ਕੀਤਾ।  ਲੋਕ ਇਸ ਪੋਸਟ ’ਤੇ ਲਗਾਤਾਰ ਅਪਣਾ ਗੁੱਸਾ ਜਾਹਰ ਕਰ ਰਹੇ ਹਨ। 

ਇਸ ਦੇ ਨਾਲ ਹੀ ਰਾਜਸਥਾਨ ਵਿਚ ਵਿਰੋਧੀ ਪਾਰਟੀਆਂ ਭਾਜਪਾ ’ਤੇ ਦੋਸ਼ ਲਗਾ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਰਾਕੇਸ ਟਿਕੈਤ ’ਤੇ ਹਮਲਾ ਕਰਨ ਦੇ ਦੋਸ਼ ’ਚ ਮਸਤਯ ਯੂਨੀਵਰਸਿਟੀ ਦੇ ਅਲਵਰ ਦੇ ਵਿਦਿਆਰਥੀ ਯੂਨੀਅਨ ਪ੍ਰਧਾਨ ਕੁਲਦੀਪ ਯਾਦਵ ਸਣੇ ਚਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।    

ਹਮਲੇ ਦੀ ਸਾਜਿਸ਼ ਭਾਜਪਾ ਆਗੂਆਂ ਨੇ ਹਰਿਆਣਾ ਵਿਚ ਰਚੀ : ਟਿਕੈਤ : ਰਾਜਸਥਾਨ ਦੇ ਅਲਵਰ ’ਚ ਹਮਲੇ ਤੋਂ ਬਾਅਦ ਕਿਸਾਨ ਆਗੂ ਰਕੇਸ਼ ਟਿਕੈਤ ਨੇ ਅਹਿਮ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਸਾਜਿਸ਼ ਭਾਜਪਾ ਆਗੂਆਂ ਵਲੋਂ ਹਰਿਆਣਾ ਦੇ ਸਥਲ ਭੂਰ ’ਚ ਰਚੀ ਗੲਂ। ਉਨ੍ਹਾਂ ਕਿਹਾ ਕਿ ਇਹ ਸਾਜਿਸ਼ ਹੁਣ ਬੇਨਕਾਬ ਹੋ ਗਈ ਹੈ ਅਤੇ ਹਮਲਾਵਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ ਹੋਏ ਹਨ ਅਤੇ ਸਥਾਨਕ ਸਾਂਸਦ ਬਾਲਕ ਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਨੇੜਲੇ ਹਨ।

ਟਿਕੈਤ ਨੇ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਅਤੇ ਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਅਜਿਹਾ ਵਤੀਰਾ ਹੁੰਦਾ ਰਿਹਾ ਤਾਂ ਭਾਜਪਾ ਸਾਂਸਦ ਤੇ ਵਿਧਾਇਕ ਵੀ ਸੜਕਾਂ ’ਤੇ ਨਹੀਂ ਤੁਰ ਸਕਣਗੇ। ਟਿਕੈਤ ਨੇ ਕਿਸਾਨਾਂ ਨੂੰ ਇਸ ਬਾਰੇ ਹਾਲੇ ਕੋਈ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਮਲੇ ਬਾਰੇ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਵਿਚਾਰ ਕਰ ਕੇ ਅਗਲੀ ਰਣਨੀਤੀ ਦਾ ਫ਼ੈਸਲਾ ਲਿਆ ਜਾਵੇਗਾ।

ਹਮਲੇ ਤੋਂ ਬਾਅਦ ਭੜਕੇ ਕਿਸਾਨ, ਕਈ ਥਾਈਂ ਲਾਇਆ ਜਾਮ : ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਇਨ੍ਹੀਂ ਦਿਨੀਂ ਖੇਤੀ ਕਾਨੂੰਨ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ ਘੁੰਮ-ਘੁੰਮ ਕੇ ਪੰਚਾਇਤ ਤੇ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ। ਅੱਜ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਦੋ ਪੰਚਾਇਤਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਦੁਪਹਿਰ ਵਿਚ ਉਹ ਇਕ ਪੰਚਾਇਤ ਨੂੰ ਸੰਬੋਧਨ ਕਰਨ ਤੋਂ ਬਾਅਦ ਕੁੱਝ ਗੱਡੀਆਂ ਦੇ ਕਾਫ਼ਲੇ ਨਾਲ ਉਹ ਦੂਜੀ ਪੰਚਾਇਤ ਨੂੰ ਸੰਬੋਧਨ ਕਰਨ ਲਈ ਨਿਕਲੇ ਸਨ। ਰਸਤੇ ਵਿਚ ਉਨ੍ਹਾਂ ’ਤੇ ਇਕ ਸਿਆਸੀ ਦਲ ਦੇ ਵਰਕਰਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਪ੍ਰਗਟਾਇਆ ਤੇ ਉਨ੍ਹਾਂ ’ਤੇ ਪਥਰਾਅ ਕਰ ਦਿਤਾ।

ਇਸ ਵਿਚ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। ਜਦੋਂ ਇਸ ਦੀ ਖ਼ਬਰ ਦੇਸ਼ ਭਰ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਥਾਂ-ਥਾਂ ’ਤੇ ਇਕੱਠੇ ਹੋ ਕੇ ਉਨ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੜਕਾਂ ਜਾਮ ਕਰ ਦਿਤੀਆਂ। ਸੱਭ ਤੋਂ ਪਹਿਲਾਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੇ ਸੜਕਾਂ ਜਾਮ ਕਰ ਦਿਤੀਆਂ। ਇਸ ਤੋਂ ਬਾਅਦ ਦੇਸ਼ ਭਰ ’ਚ ਕਿਸਾਨਾਂ ਨੇ ਇਸ ਹਮਲੇ ਦਾ ਵਿਰੋਧ ਕਰਦਿਆਂ ਥਾਂ-ਥਾਂ ’ਤੇ ਜਾਮ ਲਾ ਦਿਤੇ। ਕਈ ਥਾਵਾਂ ’ਤੇ ਪੁਲਿਸ ਨੂੰ ਜਾਮ ਖੁਲ੍ਹਵਾਉਣ ਵਾਸਤੇ ਕਾਫ਼ੀ ਮੁਸ਼ੱਕਤ ਕਰਨੀ ਪਈ। ਪੰਜਾਬ ਅੰਦਰ ਵੀ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਸੰਯੁਕਤ ਮੋਰਚੇ ਨੇ ਐਲਾਨ ਕੀਤਾ ਹੈ ਕਿ ਅੱਜ ਕੇ.ਐਮ.ਪੀ ਹਾਈਵੇਅ ਨੂੰ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਇਸ ਦੀ ਸਿੱਧੀ ਜ਼ਿੰਮੇਵਾਰੀ ਭਾਜਪਾ ’ਤੇ ਪਾਈ ਗਈ ਹੈ ਕਿ ਭਾਜਪਾ ਕਿਸਾਨ ਅੰਦੋਲਨ ਤੋਂ ਡਰਦੀ ਕਿਸਾਨ ਆਗੂਆਂ ’ਤੇ ਹਮਲੇ ਕਰਵਾ ਰਹੀ ਹੈ।