CM ਭਗਵੰਤ ਮਾਨ ਤੇ PM ਮੋਦੀ ਨੇ ਲੋਕਾਂ ਨੂੰ ਰਮਜ਼ਾਨ ਮਹੀਨੇ ਦੀਆਂ ਦਿੱਤੀਆਂ ਮੁਬਾਰਕਾਂ
ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ : ਰਮਜ਼ਾਨ ਦਾ ਪਵਿੱਤਰ ਮਹਿਨਾ ਸ਼ੁਰੂ ਹੋ ਗਿਆ ਹੈ। ਅੱਜ ਪਹਿਲਾ ਰੋਜ਼ਾ ਹੈ। ਇੱਕ ਦਿਨ ਪਹਿਲਾ ਸ਼ਨੀਵਾਰ ਨੂੰ ਚੰਨ ਦਿਖਾਈ ਦਿੱਤਾ ਸੀ। ਰਮਜ਼ਾਨ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਤੋਂ ਹੀ ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੇ ਪਹਿਲੇ ਦਿਨ ਦਿਲੋਂ ਮੁਬਾਰਕਾਂ ਦਿੱਤੀਆਂ ਹਨ।
ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ "ਰਹਿਮਤਾਂ ਦੇ ਪਵਿੱਤਰ ਮਹੀਨੇ 'ਰਮਜ਼ਾਨ' ਦੀਆਂ ਸਭ ਨੂੰ ਦਿਲੋਂ ਮੁਬਾਰਕਾਂ"। "ਮਾਲਕ ਕਰੇ ਇਹ ਮਹੀਨਾ ਸਭ ਲਈ ਤੰਦਰੁਸਤੀ ਅਤੇ ਖ਼ੁਸ਼ਹਾਲੀ ਦੀਆਂ ਬੇਅੰਤ ਬਰਕਤਾਂ ਲੈ ਕੇ ਆਵੇ। ਪਰਮਾਤਮਾ ਸਭਨਾਂ ਦੀ ਜ਼ਿੰਦਗੀ ਵਿੱਚ ਭਰਪੂਰ ਰਹਿਮਤਾਂ ਬਖਸ਼ਿਸ਼ ਕਰਨ"।
ਪ੍ਰਧਾਨ ਮੰਤਰੀ ਮੋਦੀ ਨੇ ਵੀ ਲੋਕਾਂ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ”ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ‘ਤੇ ਬਹੁਤ ਮੁਬਾਰਕਾਂ। ਰਮਜ਼ਾਨ ਦਾ ਇਹ ਮਹੀਨਾ ਲੋਕਾਂ ਨੂੰ ਗਰੀਬਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇ। ਨਾਲ ਹੀ ਇਹ ਪਵਿੱਤਰ ਮਹੀਨਾ ਸਾਡੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਕਰੁਣਾ ਦੀ ਭਾਵਨਾ ਨੂੰ ਹੋਰ ਵੀ ਵਿਕਸਿਤ ਕਰੇ।
ਦੱਸ ਦੇਈਏ ਕਿ ਰਮਜ਼ਾਨ ਵਿਸ਼ਵ ਪੱਧਰ ‘ਤੇ ਮੁਸਲਮਾਨਾਂ ਵੱਲੋਂ ਰੋਜ਼ਾ, ਪ੍ਰਾਰਥਨਾ ਅਤੇ ਪ੍ਰਤੀਬਿੰਬ ਦੇ ਮਹੀਨੇ ਦੇ ਰੂਪ ਵਿੱਚ ਮਨਿਆ ਜਾਂਦਾ ਹੈ। ਦੇਸ਼ ਵਿੱਚ ਦੋ ਅਪ੍ਰੈਲ ਦਾ ਚੰਨ ਦਿਖਾਈ ਦੇਣ ਤੋਂ ਬਾਅਦ ਹੁਣ ਤਿੰਨ ਅਪ੍ਰੈਲ ਦਿਨ ਐਤਵਾਰ ਤੋਂ ਮੁਸਲਿਮ ਭਾਈਚਾਰੇ ਲਈ ਲੋਕ ਆਪਣਾ ਰੋਜ਼ਾ ਰੱਖ ਰਹੇ ਹਨ। ਰਮਜ਼ਾਨ ਨੂੰ ਲੈ ਕੇ ਇਹ ਮੰਨਿਆ ਜਾਂਦਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਅੱਲ੍ਹਾ ਤੋਂ ਪੈਗੰਬਰ ਮੁਹੰਮਦ ਨੂੰ ਕੁਰਾਨ ਦੀਆਂ ਪਹਿਲੀ ਆਇਤਾਂ ਮਿਲੀਆਂ ਸਨ । ਇਨ੍ਹਾਂ ਪਵਿੱਤਰ ਦਿਨਾਂ ਵਿੱਚ ਰੋਜ਼ਾ ਰੱਖਿਆ ਜਾਂਦਾ ਹੈ। ਪੂਰਾ ਦਿਨ ਭੁੱਖੇ-ਪਿਆਸੇ ਰਹਿ ਕੇ ਖੁਦਾ ਦੀ ਇਬਾਦਤ ਕੀਤੀ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ।