ਮਹਿੰਗਾਈ! ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ, ਸਿੰਲਡਰਾਂ ਨੂੰ ਪਾਏ ਫੁੱਲਾਂ ਦੇ ਹਾਰ
ਇੰਨੀ ਮਹਿੰਗਾਈ ’ਚ ਆਮ ਆਦਮੀ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।
ਨਵੀਂ ਦਿੱਲੀ – ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੀ ਦਿੱਲੀ ਇਕਾਈ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਤ੍ਰਿਲੋਕਪੁਰੀ ਇਲਾਕੇ ’ਚ ਕੀਤਾ ਗਿਆ। ਪ੍ਰਦਰਸ਼ਨ ਵਿਰੋਧੀ ਦਲ ਦੇ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦਾ ਹਿੱਸਾ ਸੀ ਅਤੇ ਇਸ ਦੀ ਅਗਵਾਈ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਨੂੰ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਭਾਰੀ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ। ਕੁਮਾਰ ਨੇ ਕਿਹਾ ਕਿ ਕੇਂਦਰ ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੁੰਦੇ ਹੀ ਪੈਟਰੋਲ, ਡੀਜ਼ਲ, ਸੀ. ਐੱਨ. ਜੀ. ਅਤੇ ਇੱਥੋਂ ਤੱਕ ਕਿ ਘਰੇਲੂ ਗੈਸ ਸਿਲੰਡਰ ਤੱਕ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ’ਤੇ ਤਿੱਖਾ ਸ਼ਬਦੀ ਵਾਰ ਕਰਦੇ ਹੋਏ ਮੋਟਰਸਾਈਕਲ ਅਤੇ ਗੈਸ ਸਿਲੰਡਰ ’ਤੇ ਫੁੱਲਾਂ ਦੀ ਮਾਲਾ ਚੜ੍ਹਾਈ। ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਕਾਂਗਰਸ ਸਮਰਥਕਾਂ ਨੇ ਕਿਹਾ ਕਿ ਇੰਨੀ ਮਹਿੰਗਾਈ ’ਚ ਆਮ ਆਦਮੀ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।