ਨਿਲਾਮ ਹੋਵੇਗੀ ਫਲੈਟਾਂ ਦਾ ਕਬਜ਼ਾ ਨਾ ਦੇਣ ਵਾਲੇ ਸਮਰ ਅਸਟੇਟ ਦੀ ਜਾਇਦਾਦ, ਫਲੈਟਾਂ ਤੋਂ ਕਰੋੜਾਂ ਰੁਪਏ ਵਸੂਲਣ ਮਗਰੋਂ ਵੀ ਨਹੀਂ ਦਿੱਤਾ ਗਿਆ ਕਬਜ਼ਾ
ਹਾਈਕੋਰਟ ਦੇ ਹੁਕਮਾਂ 'ਤੇ ਸੈਕਟਰ-20 ਸਥਿਤ ਐਸ.ਵੀ. ਅਪਰਟਮੈਂਟਸ ਸੁਸਾਇਟੀ ਦੀ ਜਾਇਦਾਦ ਨਿਲਾਮ ਕਰੇਗਾ ਪ੍ਰਸ਼ਾਸਨ
17 ਅਪ੍ਰੈਲ ਨੂੰ ਮੁਕੰਮਲ ਹੋਵੇਗੀ 14.56 ਏਕੜ ਜ਼ਮੀਨ ਦੀ ਨਿਲਾਮੀ ਪ੍ਰਕ੍ਰਿਆ
ਪੰਚਕੂਲਾ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਕਟਰ -20 ਸਥਿਤ ਐਸ.ਵੀ. ਅਪਾਰਟਮੈਂਟ ਸੁਸਾਇਟੀ ਦੀ ਪ੍ਰਾਪਰਟੀ 17 ਅਪ੍ਰੈਲ ਨੂੰ ਨਿਲਾਮ ਕੀਤੀ ਜਾਵੇਗੀ। ਇਹ ਨਿਲਾਮੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ 'ਤੇ ਕੀਤੀ ਜਾ ਰਹੀ ਹੈ। ਇਸ ਅਪਾਰਟਮੈਂਟ ਦੀ ਕਰੀਬ 14.56 ਏਕੜ ਜ਼ਮੀਨ ਨਿਲਾਮ ਕਰਨ ਦੀ ਪ੍ਰਕਿਰਿਆ ਉਪ ਕਮਿਸ਼ਨਰ ਦਫ਼ਤਰ ਵਿਖੇ ਪੂਰੀ ਹੋਵੇਗੀ। ਜਾਇਦਾਦ ਦੀ ਨਿਲਾਮੀ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਸ ਨੋਟਿਸ ਅਨੁਸਾਰ ਨਿਲਾਮੀ ਵਾਲੇ ਦਿਨ ਜਾਇਦਾਦ ਦੀ ਖ਼ਰੀਦ ਕਰਨ ਵਾਲੇ ਨੂੰ 15 ਦਿਨ ਦੇ ਅੰਦਰ ਪੂਰੀ ਰਕਮ ਅਦਾਲਤ ਵਿਚ ਜਮ੍ਹਾ ਕਰਵਾਉਣੀ ਪਵੇਗੀ। ਇਸ ਮਾਮਲੇ ਵਿਚ 19 ਜਨਵਰੀ ਨੂੰ ਐਸ.ਵੀ. ਅਪਾਰਟਮੈਂਟ ਹੋਮ ਬਾਇਰਸ ਐਸੋਸੀਏਸ਼ਨ ਬਨਾਮ ਹਰਿਆਣਾ ਰਾਜ ਅਤੇ ਹੋਰਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਦਾਲਤ ਤੋਂ ਨਿਲਾਮੀ ਪ੍ਰਕ੍ਰਿਆ ਦਾ ਕੰਮ ਪੂਰਾ ਕਰਨ ਲਈ ਕਰੀਬ ਦੋ ਮਹੀਨੇ ਦਾ ਸਮਾਂ ਮੰਗਿਆ ਸੀ।
ਐਸੋਸੀਏਸ਼ਨ ਦੇ ਉਪ ਪ੍ਰਧਾਨ ਗੁਰਚਰਨ ਸਿੰਘ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-20 'ਚ 2007 'ਚ ਸਮਰ ਐਸਟੇਟ ਪ੍ਰਾਈਵੇਟ ਲਿਮਿਟਡ ਵਲੋਂ ਐਸ.ਵੀ. ਅਪਾਰਟਮੈਂਟ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਤਿੰਨ ਪੜਾਵਾਂ 'ਚ ਵੱਖ-ਵੱਖ 463 ਫਲੈਟ ਬਣਾਏ ਗਏ। ਲਗਭਗ ਸਾਰੇ ਫਲੈਟ ਵੇਚੇ ਵੀ ਜਾ ਚੁੱਕੇ ਹਨ ਅਤੇ ਅਲਾਟੀਆਂ ਵਲੋਂ ਇਨ੍ਹਾਂ ਫਲੈਟਾਂ ਦੀ 85 ਫ਼ੀਸਦੀ ਰਕਮ ਵੀ ਜਮ੍ਹਾ ਕਰਵਾਈ ਜਾ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਇਨ੍ਹਾਂ ਤੋਂ 97 ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ 18 ਕੇਸ ਦਰਜ ਕਰਵਾਏ ਗਏ ਸਨ। ਫਲੈਟਾਂ ਦੀ ਆੜ 'ਚ ਕਰੋੜਾਂ ਰੁਪਏ ਵਸੂਲਣ ਅਤੇ ਫਲੈਟ ਦਾ ਕਬਜ਼ਾ ਜਾਂ ਪੈਸਾ ਵਿਆਜ ਸਮੇਤ ਵਾਪਸ ਨਾ ਕਰਨ 'ਤੇ ਲੋਕਾਂ ਨੇ ਸਥਾਨਕ ਪੁਲਿਸ ਥਾਣੇ 'ਚ 2019 'ਚ ਸ਼ਿਕਾਇਤ ਦਿਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 31 ਜੁਲਾਈ 2019 ਤੋਂ 30 ਦਸੰਬਰ 2019 ਤੱਕ ਸਮਰ ਅਸਟੇਟ ਦੇ ਪ੍ਰਬੰਧਕ ਡਾਇਰੈਕਟਰ ਖ਼ਿਲਾਫ਼ ਕੁੱਲ 18 ਮਾਮਲੇ ਦਰਜ ਕੀਤੇ ਸਨ। ਅਲਾਟੀਆਂ ਨੇ ਐਸ.ਵੀ. ਅਪਾਰਟਮੈਂਟਸ ਹੋਮ ਬਾਇਰ੍ਸ ਐਸੋਸੀਏਸ਼ਨ ਬਣਾਈ ਅਤੇ ਐਸੋਸੀਏਸ਼ਨ ਵਲੋਂ ਕਈ ਜਗ੍ਹਾ ਬਿਲਡਰ ਵਿਰੁੱਧ ਸ਼ਿਕਾਇਤ ਵੀ ਕੀਤੀ ਗਈ।
2021 'ਚ ਅਦਾਲਤ ਵਲੋਂ ਸਮਰ ਅਸਟੇਟ ਦੀ ਜਾਇਦਾਦ ਨੂੰ ਅਟੈਚ ਕਰ ਨਿਲਾਮੀ ਮਗਰੋਂ ਲੋਕਾਂ ਨੂੰ ਪੈਸੇ ਵਾਪਸ ਕੀਤੇ ਜਾਨ ਦਾ ਫ਼ੈਸਲਾ ਸੁਣਾਇਆ ਗਿਆ ਸੀ। ਫ਼ੈਸਲੇ ਦੇ ਦੋ ਸਾਲ ਬਾਅਦ ਵੀ ਨਿਲਾਮੀ ਪ੍ਰਕ੍ਰਿਆ ਪੂਰੀ ਨਹੀਂ ਹੋਈ ਅਤੇ ਨਾ ਹੀ ਲੋਕਾਂ ਦਾ ਪੇਸ਼ ਉਨ੍ਹਾਂ ਨੂੰ ਵਾਪਸ ਮਿਲਿਆ ਹੈ।