ਦਿੱਲੀ-NCR ਛੱਡ ਕੇ ਨਹੀਂ ਜਾ ਸਕਣਗੇ ਸੰਜੇ ਸਿੰਘ, ਅਦਾਲਤ ਨੇ ਤੈਅ ਕੀਤੀਆਂ ਜਮਾਨਤ ਦੀਆਂ ਸ਼ਰਤਾਂ
ਸੰਜੇ ਸਿੰਘ ਦੀ ਕੁਝ ਸਮੇਂ 'ਚ ਹੋ ਸਕਦੀ ਹੈ ਰਿਹਾਈ, ਅਦਾਲਤ ਨੇ ਤੈਅ ਕੀਤੀਆਂ ਜਮਾਨਤ ਦੀਆਂ ਸ਼ਰਤਾਂ
AAP MP Sanjay Singh : ਤਿਹਾੜ ਜੇਲ੍ਹ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੁਪਰੀਮ ਕੋਰਟ ਤੋਂ ਜ਼ਮਾਨਤ ਦਾ ਹੁਕਮ ਹੇਠਲੀ ਅਦਾਲਤ (ਰੋਜ਼ ਐਵੇਨਿਊ ਕੋਰਟ) ਤੱਕ ਪਹੁੰਚ ਗਿਆ ਹੈ। ਉੱਥੇ ਸੁਣਵਾਈ ਤੋਂ ਬਾਅਦ ਜ਼ਮਾਨਤ ਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਅਦਾਲਤ ਨੇ ਕਿਹਾ ਕਿ ਸੰਜੇ ਸਿੰਘ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ। ਉਹ ਦਿੱਲੀ-ਐਨਸੀਆਰ ਛੱਡ ਕੇ ਨਹੀਂ ਜਾਣਗੇ।
ਜੇਕਰ ਸੰਜੇ ਸਿੰਘ ਨੇ ਦਿੱਲੀ-ਐਨਸੀਆਰ ਛੱਡ ਕੇ ਜਾਣਾ ਹੈ ਤਾਂ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਹੋਵੇਗਾ। ਸੰਜੇ ਸਿੰਘ ਦੇ ਟਿਕਾਣੇ 'ਤੇ ਨਜ਼ਰ ਰੱਖੀ ਜਾਵੇਗੀ। ਜਾਂਚ ਵਿਚ ਸਹਿਯੋਗ ਕਰਨਾ ਹੋਵੇਗਾ। ਮਾਮਲੇ ਨੂੰ ਲੈ ਕੇ ਕੋਈ ਟਿੱਪਣੀ ਜਾਂ ਬਿਆਨ ਨਹੀਂ ਦੇ ਸਕਦੇ। ਫਿਲਹਾਲ ਹੇਠਲੀ ਅਦਾਲਤ ਵੱਲੋਂ ਜ਼ਮਾਨਤ ਦੀਆਂ ਸ਼ਰਤਾਂ ਤੈਅ ਹੋਣ ਤੋਂ ਬਾਅਦ ਹੁਕਮ ਤਿਆਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਜਾਵੇਗਾ।
ਤਿਹਾੜ ਜੇਲ੍ਹ ਨਾਲ ਸਬੰਧਤ ਸੂਤਰਾਂ ਅਨੁਸਾਰ ਸੁਪਰੀਮ ਕੋਰਟ ਤੋਂ ਸੰਜੇ ਸਿੰਘ ਦੀ ਰਿਹਾਈ ਦਾ ਹੁਕਮ ਅਜੇ ਤਿਹਾੜ ਜੇਲ੍ਹ ਤੱਕ ਨਹੀਂ ਪਹੁੰਚਿਆ ਹੈ। ਜ਼ਮਾਨਤ ਦੇ ਹੁਕਮ ਤਿਹਾੜ ਜੇਲ੍ਹ ਪਹੁੰਚਣ 'ਤੇ ਹੀ ਰਿਹਾਈ ਦੇ ਹੁਕਮਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
'ਰਿਹਾਈ ਤੋਂ ਬਾਅਦ ਮੰਦਿਰ ਜਾਣਗੇ ਸੰਜੇ'
ਇਸ ਦੌਰਾਨ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ, 'ਕੱਲ੍ਹ ਅਸੀਂ ਸੰਜੇ ਸਿੰਘ ਨੂੰ ਰੂਟੀਨ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿੱਥੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਅੱਜ ਉਨ੍ਹਾਂ ਨੂੰ ਦੁਪਹਿਰ 12 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ, ਜਿਸ ਤੋਂ ਬਾਅਦ ਉਹ ਤਿਹਾੜ ਜਾਣਗੇ। ਉਥੋਂ ਉਨ੍ਹਾਂ ਨੂੰ ਮੁੜ ਰਿਹਾਅ ਕਰ ਦਿੱਤਾ ਜਾਵੇਗਾ। ਦੁਪਹਿਰ 2-3 ਵਜੇ ਦੇ ਕਰੀਬ ਰਿਹਾਈ ਹੋਵੇਗੀ। ਇਸ ਤੋਂ ਬਾਅਦ ਅਸੀਂ ਮੰਦਰ ਜਾਵਾਂਗੇ ਅਤੇ ਭਗਵਾਨ ਦਾ ਸ਼ੁਕਰਾਨਾ ਕਰਾਂਗੇ।
'ਤਿੰਨਾਂ ਭਰਾਵਾਂ ਦੀ ਰਿਹਾਈ ਤੱਕ ਕੋਈ ਜਸ਼ਨ ਨਹੀਂ'
ਅਨੀਤਾ ਸਿੰਘ ਨੇ ਅੱਗੇ ਕਿਹਾ, ਮੈਂ ਜ਼ਮਾਨਤ ਦੇਣ ਲਈ ਨਿਆਂਪਾਲਿਕਾ ਦਾ ਵੀ ਧੰਨਵਾਦ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਮੇਰੇ ਵੱਡੇ ਭਰਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਵੀ ਜਲਦੀ ਜ਼ਮਾਨਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੇਰੇ ਤਿੰਨ ਭਰਾ ਜੇਲ੍ਹ 'ਚੋਂ ਬਾਹਰ ਨਹੀਂ ਆਉਂਦੇ ,ਓਦੋਂ ਤੱਕ ਸਾਡੇ ਘਰ ਕੋਈ ਜਸ਼ਨ ਨਹੀਂ ਹੋਵੇਗਾ। ਬੁੱਧਵਾਰ ਸਵੇਰੇ ਮਾਂ-ਪੁੱਤ ਸੰਜੇ ਸਿੰਘ ਨੂੰ ਮਿਲਣ ਦਿੱਲੀ ਦੇ ਆਈਐਲਬੀਐਸ ਹਸਪਤਾਲ ਪਹੁੰਚੇ ਸਨ ।