Lok Sabha Elections 2024 : ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ, ਪਹਿਲਾਂ ਕੱਢਿਆ ਸੀ ਰੋਡ ਸ਼ੋਅ
Lok Sabha Elections 2024 : ਰਾਹੁਲ ਗਾਂਧੀ ਨੇ ਵਾਇਨਾਡ 'ਚ ਕੱਢਿਆ ਰੋਡ ਸ਼ੋਅ, ਆਪਣਾ ਨਾਮਜ਼ਦਗੀ ਪੱਤਰ ਕੀਤਾ ਦਾਖਲ
Rahul Gandhi Nomination : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬੁੱਧਵਾਰ (03 ਅਪ੍ਰੈਲ) ਨੂੰ ਕੇਰਲ ਦੇ ਵਾਇਨਾਡ ਵਿੱਚ ਇੱਕ ਰੋਡ ਸ਼ੋਅ ਕੱਢਿਆ ਹੈ। ਉਨ੍ਹਾਂ ਦੇ ਨਾਲ ਕਾਂਗਰਸ ਦੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਰਾਹੁਲ ਗਾਂਧੀ ਨੇ 2019 ਦੀਆਂ ਚੋਣਾਂ ਵਿੱਚ ਵਾਇਨਾਡ ਸੀਟ ਚਾਰ ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਸੀ। ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਦੇ ਪਿੰਡ ਮੁਪੈਨਾਡ 'ਚ ਹੈਲੀਕਾਪਟਰ ਰਾਹੀਂ ਪਹੁੰਚੇ ਅਤੇ ਕਲਪੇਟਾ ਤੱਕ ਸੜਕ ਮਾਰਗ ਰਾਹੀਂ ਗਏ। ਕਾਂਗਰਸ ਨੇ ਕਿਹਾ ਕਿ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਕਲਪੇਟਾ ਤੋਂ ਰੋਡ ਸ਼ੋਅ ਸ਼ੁਰੂ ਕੀਤਾ , ਜਿਸ ਵਿੱਚ ਉਸ ਨਾਲ ਪ੍ਰਿਅੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ, ਦੀਪਾ ਦਾਸ, ਕਨ੍ਹਈਆ ਕੁਮਾਰ ਅਤੇ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਸਨ ਅਤੇ ਕੇਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਐਮਐਮ ਹਸਨ ਵੀ ਸ਼ਾਮਿਲ ਹਨ।
ਵਿਚਾਰਧਾਰਾ ਵਿੱਚ ਫਰਕ ਹੋ ਸਕਦਾ ਪਰ ਸਭ ਮੇਰੇ ਪਰਿਵਾਰ ਦੀ ਤਰ੍ਹਾਂ
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, "ਤੁਹਾਡਾ ਸਾਂਸਦ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਛੋਟੀ ਭੈਣ ਪ੍ਰਿਅੰਕਾ ਵਾਂਗ ਸਮਝਦਾ ਹਾਂ। ਇੱਥੇ ਜੰਗਲੀ ਜਾਨਵਰ ਦਾ ਸ਼ਿਕਾਰ ਬਣਦੇ ਇਨਸਾਨ ਦਾ ਮੁੱਦਾ ਵੱਡਾ ਹੈ। ਮੈਡੀਕਲ ਕਾਲਜ ਦਾ ਮੁੱਦਾ ਹੈ। ਮੈਂ ਸਾਰੇ ਮੁੱਦੇ ਉਠਾਏ , ਸੀਐਮ ਨੂੰ ਪੱਤਰ ਲਿਖਿਆ ਪਰ ਕੁਝ ਨਹੀਂ ਹੋਇਆ। ਜਦੋਂ ਕੇਂਦਰ ਅਤੇ ਕੇਰਲ ਵਿੱਚ ਸਾਡੀ ਸਰਕਾਰ ਹੋਵੇਗੀ, ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ। UDF ਹੋਵੇ ਜਾਂ LDF ਸਭ ਮੇਰੇ ਪਰਿਵਾਰ ਵਾਂਗ ਹੈ। ਭਾਵੇਂ ਹੀ ਵਿਚਾਰਧਾਰਾ ਦਾ ਅੰਤਰ ਕਿਉਂ ਨਾ ਹੋਵੇ। ਪਿਛਲੇ ਪੰਜ ਸਾਲਾਂ ਵਿੱਚ ਮੈਂ ਮਹਿਸੂਸ ਕੀਤਾ ਹੈ ਕਿ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।"
ਇਸ ਦੌਰਾਨ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਹੁਲ ਗਾਂਧੀ ਵਿਰੁੱਧ ਕੇ.ਕੇ. ਸੁਰੇਂਦਰਨ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਵਿੱਚ ਵਾਇਨਾਡ ਵਿੱਚ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਇਸ ਦਿਨ 13 ਰਾਜਾਂ ਦੀਆਂ 89 ਸੀਟਾਂ 'ਤੇ ਵੋਟਿੰਗ ਹੋਵੇਗੀ।