ਰਾਜਸਥਾਨ : ਜਬਰ ਜਨਾਹ ਮਾਮਲੇ ਦੀ ਸੁਣਵਾਈ ਕਰ ਰਹੇ ਮੈਜਿਸਟ੍ਰੇਟ ਵਿਰੁਧ ਮਾਮਲਾ ਦਰਜ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤਾ ਨੂੰ ਸੱਟਾਂ ਵਿਖਾਉਣ ਲਈ ਕਪੜੇ ਉਤਾਰਨ ਲਈ ਕਿਹਾ, ਪੀੜਤਾ ਨੇ ਕੀਤਾ ਇਨਕਾਰ

Representative Image.

ਜੈਪੁਰ: ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ’ਚ ਇਕ ਮੈਜਿਸਟ੍ਰੇਟ ਵਿਰੁਧ ਜਬਰ ਜਨਾਹ ਪੀੜਤਾ ਨੂੰ ਸੱਟਾਂ ਵਿਖਾਉਣ ਲਈ ਕਪੜੇ ਉਤਾਰਨ ਲਈ ਕਹਿਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। 

ਡੀ.ਐਸ.ਪੀ. (ਐਸ.ਸੀ./ਐਸ.ਟੀ.) ਸੈੱਲ ਮੀਨਾ ਨੇ ਕਿਹਾ ਕਿ ਜਬਰ ਜਨਾਹ ਪੀੜਤਾ ਨੇ 30 ਮਾਰਚ ਨੂੰ ਹਿੰਡੌਨ ਦੀ ਸਥਾਨਕ ਅਦਾਲਤ ਦੇ ਮੈਜਿਸਟਰੇਟ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਮੈਜਿਸਟ੍ਰੇਟ ਨੇ ਉਸ ਨੂੰ ਸੱਟਾਂ ਵਿਖਾਉਣ ਲਈ ਕਪੜੇ ਉਤਾਰਨ ਲਈ ਕਿਹਾ ਸੀ। ਅਧਿਕਾਰੀ ਨੇ ਕਿਹਾ, ‘‘ਉਸ ਨੇ ਅਪਣੇ ਕਪੜੇ ਉਤਾਰਨ ਤੋਂ ਇਨਕਾਰ ਕਰ ਦਿਤਾ ਅਤੇ 30 ਮਾਰਚ ਨੂੰ ਅਦਾਲਤ ’ਚ ਅਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਮੈਜਿਸਟਰੇਟ ਦੇ ਵਿਰੁਧ ਕੇਸ ਦਰਜ ਕਰਵਾਇਆ। ਕੋਤਵਾਲੀ ਥਾਣੇ ’ਚ ਮੈਜਿਸਟਰੇਟ ਦੇ ਵਿਰੁਧ ਕੇਸ ਦਰਜ ਕੀਤਾ ਗਿਆ ਹੈ।’’

ਉਨ੍ਹਾਂ ਦਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਔਰਤ ’ਤੇ ਭਾਰਤੀ ਦੰਡਾਵਲੀ ਦੀ ਧਾਰਾ 345 ਅਤੇ ਐਸ.ਸੀ./ਐਸ.ਟੀ. ਸ਼੍ਰੇਣੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ. ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਤਹਿਤ ਦਰਜ ਕੀਤੀ ਗਈ ਸੀ। ਪੁਲਿਸ ਅਨੁਸਾਰ ਦਲਿਤ ਔਰਤ ਨਾਲ 19 ਮਾਰਚ ਨੂੰ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਸੀ ਅਤੇ 27 ਮਾਰਚ ਨੂੰ ਹਿੰਡੌਨ ਸਦਰ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਗਈ ਸੀ।