ਪਾਖੰਡੀ ਬਾਬਿਆਂ ਦੇ ਕਾਲੇ ਕਾਰਨਾਮੇ ਖਾਸ ਰਿਪੋਰਟ 'ਚ, ਸੌਦਾ ਸਾਧ, ਆਸਾਰਾਮ ਤੇ ਜਲੇਬੀ ਵਾਲੇ ਬਾਬੇ ਸਣੇ ਬਜਿੰਦਰ ਦੀ ਕਰਤੂਤਾਂ ਦਾ ਪਰਦਾਫਾਸ਼
ਪਾਖੰਡੀ ਬਾਬਿਆਂ ਦਾ ਕਾਲਾ ਚਿੱਠਾ, ਧਰਮ ਦੇ ਅਖੌਤੀ ਠੇਕੇਦਾਰਾਂ 'ਤੇ ਅੰਨ੍ਹਾ ਭਰੋਸਾ
ਹਵਸ, ਬੇਸ਼ਰਮੀ, ਚੋਰੀ, ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਅਜਿਹੇ ਸ਼ਬਦ ਹਨ, ਜਿਨ੍ਹਾਂ ਨਾਲ ਕਿਸੇ ਸਾਧ-ਸੰਤ-ਬਾਬੇ-ਸੰਨਿਆਸੀ ਦਾ ਕੋਈ ਲੈਣਾ-ਦੇਣਾ ਨਹੀਂ ਹੋ ਸਕਦਾ, ਪਰ ਪਿਛਲੇ ਕੁਝ ਸਮਿਆਂ ਤੋਂ ਅਜਿਹੇ ਪਾਖੰਡੀ ਬਾਬੇ ਬੇਨਕਾਬ ਹੋਏ ਹਨ, ਜੋ ਹਵਸ-ਅਯਾਸ਼ੀ 'ਚ ਇੰਨੇ ਡੁੱਬੇ ਹੋਏ ਸਨ ਕਿ ਉਨ੍ਹਾਂ ਦੀਆਂ ਕਰਤੂਤਾਂ ਦੇਖ ਭਰੋਸੇ ਦੀ ਡੋਰ ਟੁੱਟ ਗਈ। ਬੀਤੇ ਦਿਨੀਂ ਬਲਾਤਕਾਰੀ ਬਜਿੰਦਰ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ। 7 ਸਾਲ ਪਹਿਲਾਂ ਉਸ ਨੇ ਜ਼ੀਰਕਪੁਰ ਦੀ ਇਕ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਵੀ ਕੀਤਾ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਪਾਖੰਡੀ ਬਾਬਿਆਂ ਦੀ ਲੰਬੀ ਚੌੜੀ ਲਿਸਟ ਹੈ।
ਸੌਦਾ ਸਾਧ
ਪਹਿਲਾ ਨਾਂਅ ਆਉਂਦਾ ਹੈ ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਦਾ... ਜੋ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 2017 ਤੋਂ ਸੁਨਾਰੀਆ ਜੇਲ੍ਹ ਵਿਚ ਬੰਦ ਹੈ | ਦੱਸ ਦੇਈਏ ਕਿ 2017 ਦੇ ਵਿੱਚ ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ ਸੌਦਾ ਸਾਧ ਨੂੰ ਸਾਧਵੀਆਂ ਦੇ ਜਿਨਸੀ ਸੋਸ਼ਣ ਮਾਮਲੇ ਵਿੱਚ 20-20 ਸਾਲ ਦੀਆਂ 2 ਟਰਮਾ ਦੀ ਸਜ਼ਾ ਸੁਣਾ ਕੇ ਸੁਨਾਰੀਆ ਜੇਲ੍ਹ ਭੇਜ ਦਿੱਤਾ ਸੀ, ਜਦਕਿ ਸੌਦਾ ਸਾਧ ਦੇ ਉਪਰ ਪੱਤਰਕਾਰ ਛਤਰਪਤੀ ਦੇ ਕਤਲ ਦਾ ਮਾਮਲਾ ਅਜੇ ਜਾਰੀ ਹੈ | ਜ਼ਿਕਰਯੋਗ ਹੈ ਕਿ 2017 ਦੇ ਵਿਚ ਸੌਦਾ ਸਾਧ ਨੂੰ ਸਜ਼ਾ ਸੁਣਾਏ ਜਾਣ ਉਪਰੰਤ ਬਲਾਤਕਾਰੀ ਸਾਧ ਦੇ ਸਮਰਥਕਾਂ ਵੱਲੋਂ ਹਿੰਸਾ ਭੜਕਾਈ ਗਈ, ਜਿਸ ਦੇ ਵਿੱਚ ਤਕਰੀਬਨ 40 ਲੋਕਾਂ ਦੀ ਜਾਨ ਚੱਲੀ ਗਈ ਸੀ | ਖੈਰ 2017 ਤੋਂ ਲੈ ਕੇ ਹੁਣ ਤੱਕ ਬਲਾਤਕਾਰੀ ਸੌਦਾ ਸਾਧ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ, ਪਰ ਇਸ ਦੇ ਬਾਵਜੂਦ ਕਈ ਵਾਰ ਪੈਰੋਲ 'ਤੇ ਬਾਹਰ ਆ ਚੁੱਕਿਆ ਹੈ |
ਆਸਾਰਾਮ
ਬਲਾਤਕਾਰੀਆਂ ਦੀ ਸੂਚੀ 'ਚ ਦੂਜਾ ਨਾਂਅ ਆਸਾਰਾਮ ਦਾ ਆਉਂਦਾ ਹੈ... ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਸਾਰਾਮ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ... ਆਸਾਰਾਮ 'ਤੇ ਆਪਣੇ ਆਸ਼ਰਮ 'ਚ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਕਈ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ... ਇਸ ਤੋਂ ਇਲਾਵਾ ਉਸ 'ਤੇ ਕਾਲੇ ਜਾਦੂ ਅਤੇ ਬਲੀ ਦੇ ਨਾਂਅ 'ਤੇ ਬੱਚਿਆਂ ਨੂੰ ਮਾਰਨ, ਨਾਬਾਲਗ਼ ਕੁੜੀਆਂ ਨਾਲ ਬਲਾਤਕਾਰ ਕਰਨ ਅਤੇ ਜ਼ਮੀਨ ਹੜੱਪਣ ਦੇ ਵੀ ਇਲਜ਼ਾਮ ਹਨ। ਆਸਾਰਾਮ ਦੇ ਪੁੱਤ ਨਾਰਾਇਣ ਸਾਈਂ 'ਤੇ ਵੀ ਬਲਾਤਕਾਰ ਦੇ ਦੋਸ਼ ਹਨ।
ਬਾਬਾ ਰਾਮਪਾਲ
ਇਸ ਸੂਚੀ 'ਚ ਬਾਬਾ ਰਾਮਪਾਲ ਦਾ ਨਾਂਅ ਵੀ ਹੈ, ਜੋ ਹਰਿਆਣਾ ਦੇ ਸਿੰਚਾਈ ਵਿਭਾਗ 'ਚ ਜੂਨੀਅਰ ਇੰਜੀਨੀਅਰ ਵਜੋਂ ਨੌਕਰੀ ਕਰਦਾ-ਕਰਦਾ ਸੰਤ ਬਣ ਗਿਆ ਸੀ। ਬਾਬਾ ਰਾਮਪਾਲ 'ਤੇ ਔਰਤਾਂ ਅਤੇ ਬੱਚਿਆਂ ਦੇ ਕਤਲ ਦਾ ਦੋਸ਼ ਲੱਗਿਆ। ਅਦਾਲਤ ਟਚ ਪੇਸ਼ ਨਾ ਹੋਣ ਦੀ ਜ਼ਿੱਦ ਨੇ 18-19 ਨਵੰਬਰ 2014 ਨੂੰ ਅਜਿਹਾ ਘਮਾਸਾਨ ਛੇੜਿਆ ਕਿ ਕਈ ਲੋਕਾਂ ਦੀ ਜਾਨ ਚਲੀ ਗਈ... ਇਸ ਤੋਂ ਬਾਅਦ ਬਾਬਾ ਰਾਮਪਾਲ 2014 ਤੋਂ ਜੇਲ੍ਹ 'ਚ ਬੰਦ ਹੈ। ਉਦੋਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਸਵਾਮੀ ਨਿਤਿਆਨੰਦ
ਕੁਝ ਸਾਲ ਪਹਿਲਾਂ ਤੱਕ ਸਵਾਮੀ ਨਿਤਿਆਨੰਦ ਨੂੰ ਦੱਖਣੀ ਭਾਰਤ ਦੇ ਮਸ਼ਹੂਰ ਗੁਰੂਆਂ 'ਚ ਗਿਣਿਆ ਜਾਂਦਾ ਸੀ, ਪਰ ਸਾਲ 2010 'ਚ ਇਕ ਸੈਕਸ ਸੀਡੀ ਨੇ ਅਜਿਹਾ ਹੰਗਾਮਾ ਮਚਾ ਦਿੱਤਾ ਕਿ ਉਸ ਦਾ ਤਖ਼ਤ ਹਿੱਲ ਗਿਆ। ਉਸ ਸੈਕਸ CD 'ਚ ਨਿੱਤਿਆਨੰਦ ਨੂੰ ਕਥਿਤ ਤੌਰ 'ਤੇ ਇਕ ਮਸ਼ਹੂਰ ਦੱਖਣੀ ਭਾਰਤੀ ਅਦਾਕਾਰਾ ਨਾਲ ਸਰੀਰਕ ਸਬੰਧ ਬਣਾਉਂਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਫੋਰੈਂਸਿਕ ਲੈਬ 'ਚ ਕੀਤੀ ਗਈ ਜਾਂਚ ਵਿੱਚ CD ਅਸਲੀ ਪਾਈ ਗਈ, ਪਰ ਨਿੱਤਿਆਨੰਦ ਦੇ ਆਸ਼ਰਮ ਨੇ ਉਸ CD ਦੀ ਅਮਰੀਕੀ ਲੈਬ ਦੀ ਰਿਪੋਰਟ ਪੇਸ਼ ਕੀਤੀ। ਇਸ 'ਚ CD ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ। ਸਾਲ 2010 'ਚ ਨਿੱਤਿਆਨੰਦ ਇਸ ਮਾਮਲੇ 'ਚ 52 ਦਿਨ ਜੇਲ੍ਹ ਵੀ ਗਿਆ ਸੀ।
ਵੀਰੇਂਦਰ ਦੇਵ ਦੀਕਸ਼ਿਤ
ਵੀਰੇਂਦਰ ਦੇਵ ਦੀਕਸ਼ਿਤ ਨਾਂਅ ਦਾ ਇਹ ਪਾਖੰਡੀ ਖੁਦ ਨੂੰ ਕਲਯੁਗ ਦਾ ਕ੍ਰਿਸ਼ਣ ਦੱਸਦਾ ਸੀ... ਇਸ ਨੇ ਦਿੱਲੀ 'ਚ ਰੋਹਿਣੀ 'ਚ ਆਪਣਾ ਆਸ਼ਰਮ ਖੋਲ੍ਹਿਆ ਹੋਇਆ ਸੀ... ਇਸ ਦਰਿੰਦੇ ਨੇ 16000 ਔਰਤਾਂ ਨਾਲ ਸਬੰਧ ਬਣਾਉਣ ਦਾ ਟੀਚਾ ਰੱਖਿਆ ਸੀ... ਉਸ ਦੇ ਗੰਦੇ ਕਾਰਨਾਮਿਆਂ ਦਾ ਖੁਲਾਸਾ ਉਦੋਂ ਹੋਇਆ, ਜਦੋਂ ਇਕ ਮਹਿਲਾ ਪੈਰੋਕਾਰ ਦੀਆਂ 4 ਧੀਆਂ ਨਾਲ ਬਾਬੇ ਨੇ ਘਿਣਾਉਣਾ ਕੰਮ ਕੀਤਾ। ਵੀਰੇਂਦਰ ਦੇਵ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਬਲਾਤਕਾਰ ਸਮੇਤ 10 ਤੋਂ ਵੱਧ FIR ਦਰਜ ਹਨ। ਉਸ ਆਪਣੇ ਆਸ਼ਰਮ 'ਚ ਕੁੜੀਆਂ ਨੂੰ ਕੈਦ ਕਰਕੇ ਨਸ਼ੇ ਦੀ ਹਾਲਤ 'ਚ ਰੱਖਦਾ ਸੀ... ਵੀਰੇਂਦਰ ਦੇਵ ਦੀਕਸ਼ਿਤ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ 'ਚੋਂ ਫ਼ਰਾਰ ਹੈ...
ਜਲੇਬੀ ਬਾਬਾ
ਉਧਰ ਇਸ ਸੂਚੀ 'ਚ ਅਗਲਾ ਨਾਮ ਬਿੱਲੂ ਰਾਮ ਉਰਫ਼ ਅਮਰਪੁਰੀ ਉਰਫ ਜਲੇਬੀ ਬਾਬਾ ਹੈ, ਜੋ 120 ਔਰਤਾਂ ਦੇ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ | ਜ਼ਿਕਰਯੋਗ ਹੈ ਕਿ ਜਲੇਬੀ ਬਾਬਾ ਬਲਾਤਕਾਰ ਅਤੇ IT ਐਕਟ ਦੀਆਂ ਧਰਾਵਾਂ ਤਹਿਤ 14 ਸਾਲ ਦੀ ਸਜ਼ਾ ਕੱਟ ਰਿਹਾ ਸੀ | ਜਾਣਕਾਰੀ ਮੁਤਾਬਿਕ ਜਲੇਬੀ ਬਾਬਾ ਨੇ 120 ਔਰਤਾਂ ਨੂੰ ਨਸ਼ੀਲੀ ਚਾਹ ਪਿਆ ਕੇ ਜਿਨਸੀ ਸੋਸ਼ਣ ਕੀਤਾ | ਹਾਲਾਂਕਿ ਸਿਹਤ ਵਿਗੜਨ ਕਰਕੇ ਮਈ 2024 ਵਿੱਚ ਜਲੇਬੀ ਬਾਬਾ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ.... ਇਨ੍ਹਾਂ ਤੋਂ ਇਲਾਵਾ ਫਲਾਹਾਰੀ ਬਾਬਾ, ਸਚੀਦਾਨੰਦ, ਮਹੰਤ ਸੁੰਦਰ ਸਾਦ, ਭੀਮਾਨੰਦ, ਸਵਾਮੀ ਸਦਾਚਾਰੀ 'ਤੇ ਵੀ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ।