ਭਾਰਤ ਦੇ 14 ਸ਼ਹਿਰ ਦੁਨੀਆਂ ਦੇ ਸੱਭ ਤੋਂ 20 ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ, ਵਾਰਾਣਸੀ, ਸ੍ਰੀਨਗਰ ਵੀ ਸ਼ਾਮਲ

Most polluted Cities

ਨਵੀਂ ਦਿੱਲੀ, 2 ਮਈ : ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਵਾਰਾਣਸੀ ਦੁਨੀਆਂ ਦੇ 20 ਸੱਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿਚੋਂ ਇਕ ਹੈ। ਇਸ ਸੂਚੀ ਵਿਚ ਭਾਰਤ ਦੇ 14 ਸ਼ਹਿਰ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਤੋਂ ਇਸ ਜਾਣਕਾਰੀ ਮਿਲੀ ਹੈ। ਇਨ੍ਹਾਂ ਸ਼ਹਿਰਾਂ ਵਿਚ 2016 ਵਿਚ ਪ੍ਰਦੂਸ਼ਣ ਦਾ ਪੱਧਰ ਪੀਐਮ 2.5 ਪੱਧਰ 'ਤੇ ਸੀ। ਅੰਕੜਿਆਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਦੇ 10 ਵਿਚੋਂ 9 ਜਣੇ ਪ੍ਰਦੂਸ਼ਤ ਹਵਾ ਗ੍ਰਹਿਣ ਕਰਦੇ ਹਨ। ਹੋਰ ਭਾਰਤੀ ਸ਼ਹਿਰ ਜਿਥੇ ਪੀਐਮ 2.5 ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਕਾਨਪੁਰ, ਫ਼ਰੀਦਾਬਾਦ, ਗਯਾ, ਪਟਨਾ, ਲਖਨਊ, ਆਗਰਾ, ਮੁਜ਼ੱਫ਼ਰਨਗਰ, ਸ੍ਰੀਨਗਰ, ਗੁੜਗਾਉਂ, ਜੈਪੁਰ, ਪਟਿਆਲਾ ਅਤੇ ਜੋਧਪੁਰਾ ਸ਼ਾਮਲ ਹਨ। ਪੀਐਮ 2.5 ਪੱਧਰ ਵਿਚ ਸਲਫ਼ੇਟ, ਨਾਈਟਰੇਟ, ਬਲੈਕ ਕਾਰਬਬਨ ਜਿਹੇ ਪ੍ਰਦੂਸ਼ਕ ਤੱਤ ਸ਼ਾਮਲ ਹਨ ਜੋ ਮਨੁੱਖੀ ਸਿਹਤ ਲਈ ਜ਼ਿਆਦਾ ਜੋਖਮ ਭਰੇ ਹਨ। 

ਉਦਯੋਗਿਕ ਕੂੜੇ ਤੋਂ ਲੈ ਕੇ ਵਾਹਨਾਂ ਦੇ ਧੂੰਏਂ ਅਤੇ ਸੜਕਾਂ ਦੀ ਧੂੜ ਆਦਿ ਕਾਰਨ ਭਾਰਤ ਦੇ ਸ਼ਹਿਰਾਂ ਨੂੰ ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਕੀਤਾ ਹੈ। ਭਾਰੀ ਕਣਾਂ ਦੇ ਮੁਕਾਬਲੇ ਅਤਿ ਸੂਖਮ ਕਣ ਜ਼ਿਆਦਾ ਵਕਤ ਹਵਾ ਵਿਚ ਟਿਕਦੇ ਹਨ ਅਤੇ ਇਸ ਕਾਰਨ ਸਾਹ ਜ਼ਰੀਏ ਇਨਸਾਨਾਂ ਅਤੇ ਜਾਨਵਰਾਂ ਅੰਦਰ ਜਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪ੍ਰ੍ਰਦੂਸ਼ਣ ਦੇ ਪੀਐਮ 10 ਪੱਧਰ ਦੇ ਆਧਾਰ 'ਤੇ 2016 ਵਿਚ ਦੁਨੀਆਂ ਦੇ 20 ਸੱਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਭਾਰਤ ਦੇ 13 ਸ਼ਹਿਰ ਸ਼ਾਮਲ ਹਨ। ਭਾਰਤ ਨੂੰ ਇਨ੍ਹਾਂ ਖੇਤਰਾਂ ਵਿਚ ਘਰੇਲੂ ਅਤੇ ਬਾਹਰੀ ਹਵਾ ਪ੍ਰਦੂਸ਼ਣ ਤੇਜ਼ੀ ਨਾਲ ਖ਼ਤਮ ਕਰਨ ਲਈ ਕਿਹਾ ਗਿਆ ਹੈ। ਭਾਰਤ ਸਮੇਤ ਇਸ ਖੇਤਰ ਵਿਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ 34 ਫ਼ੀ ਸਦੀ ਹਿੱਸੇਦਾਰੀ ਹੈ। (ਏਜੰਸੀ)