ਜੱਜਾਂ ਦੀ ਕਮੇਟੀ ਨੇ ਜੱਜ ਜੋਜ਼ਫ਼ ਦੀ ਤਰੱਕੀ ਬਾਰੇ ਫ਼ੈਸਲਾ ਟਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

50 ਮਿੰਟ ਤਕ ਚੱਲੀ ਕੋਲੇਜੀਅਮ ਦੀ ਬੈਠਕ

Judge Joseph

ਨਵੀਂ ਦਿੱਲੀ, 2 ਮਈ : ਸੁਪਰੀਮ ਕੋਰਟ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਕਮੇਟੀ (ਕੋਲੇਜੀਅਮ) ਨੇ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਕੇ ਐਮ ਜੋਜ਼ਫ਼ ਨੂੰ ਸਿਖਰਲੀ ਅਦਾਲਤ ਵਿਚ ਤਰੱਕੀ ਦੇਣ ਦੀ ਸਿਫ਼ਾਰਸ਼ 'ਤੇ ਮੁੜ ਵਿਚਾਰ ਦੇ ਮਸਲੇ 'ਤੇ ਅੱਜ ਅਪਣਾ ਫ਼ੈਸਲਾ ਟਾਲ ਦਿਤਾ। ਸਰਕਾਰ ਨੇ ਜੱਜ ਜੋਜ਼ਫ਼ ਦੀ ਫ਼ਾਈਲ ਪੁਨਰਵਿਚਾਰ ਲਈ ਮੋੜ ਦਿਤੀ ਸੀ। ਬੈਠਕ 50 ਮਿੰਟ ਤਕ ਚੱਲੀ।ਮੁੱਖ ਜੱਜ ਦੀਪਕ ਮਿਸ਼ਰਾ ਅਤੇ ਕੋਲੇਜੀਅਮ ਦੇ ਹੋਰ ਮੈਂਬਰਾਂ ਜੱਜ ਜੇ ਚੇਲਾਮੇਸ਼ਵਰ, ਜੱਜ ਰੰਜਨ ਗੋਗਈ, ਜੱਜ ਮਦਨ ਬੀ ਲੋਕੂਰ ਅਤੇ ਜੱਜ ਕੁਰੀਅਨ ਜੋਜ਼ਫ਼ ਨੇ ਅੱਜ ਸ਼ਾਮ ਹੋਈ ਬੈਠਕ ਵਿਚ ਹਿੱਸਾ ਲਿਆ। ਕੋਲੇਜੀਅਮ ਦੇ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਇਸ ਦੀ ਬੈਠਕ ਵਿਚ ਜਿਹੜੇ ਏਜੰਡੇ 'ਤੇ ਵਿਚਾਰ ਹੋਇਆ, ਉਸ ਵਿਚ ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਤੋਂ 26 ਅਤੇ 30 ਅਪ੍ਰੈਲ, 2018 ਦੇ ਪੱਤਰਾਂ ਦੀ ਰੌਸ਼ਨੀ ਵਿਚ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਕੇ ਐਮ ਜੋਜ਼ਫ਼ ਦੇ ਮਾਮਲੇ ਬਾਰੇ ਪੁਨਰਵਿਚਾਰ ਕਰਨਾ ਅਤੇ ਨਿਰਪੱਖ ਨੁਮਾਇੰਦਗੀ ਦੀ ਗੱਲ ਦੇ ਸਨਮੁਖ

ਸਿਖਰਲੀ ਅਦਾਲਤ ਵਿਚ ਤਰੱਕੀ ਲਈ ਕਲਕੱਤਾ, ਰਾਜਸਥਾਨ ਅਤੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟਾਂ ਦੇ ਜੱਜਾਂ ਦੇ ਨਾਵਾਂ 'ਤੇ ਵਿਚਾਰ ਕਰਨਾ ਸ਼ਾਮਲ ਸੀ। ਇਸ ਸਬੰਧ ਵਿਚ ਫ਼ੈਸਲਾ ਅੱਜ ਟਾਲ ਦਿਤਾ ਗਿਆ। ਜੱਜ ਚੇਲਮੇਸ਼ਵਰ ਅੱਜ ਅਦਾਲਤ ਨਹੀਂ ਆਏ ਸਨ ਪਰ ਉਨ੍ਹਾਂ ਬੈਠਕ ਵਿਚ ਹਿੱਸਾ ਲਿਆ। ਕੋਲੇਜੀਅਮ ਦੀ ਬੈਠਕ ਵਿਚ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਪੱਤਰਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਦਸ ਜਨਵਰੀ ਨੂੰ ਜੱਜ ਜੋਜ਼ਫ਼ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਵਿਚ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ। ਸਰਕਾਰ ਨੇ ਇੰਦੂ ਮਲਹੋਤਰਾ ਦੇ ਨਾਮ ਨੂੰ ਤਾਂ ਪ੍ਰਵਾਨਗੀ ਦੇ ਦਿਤੀ ਪਰ ਜੋਜ਼ਫ਼ ਦੇ ਨਾਮ 'ਤੇ ਦੁਬਾਰਾ ਵਿਚਾਰ ਕਰਨ ਲਈ ਉਸ ਦੀ ਫ਼ਾਈਲ ਮੋੜ ਦਿਤੀ। ਜੋਜ਼ਫ਼ ਜੂਨ ਵਿਚ ਸੱਠ ਸਾਲ ਦੇ ਹੋ ਜਾਣਗੇ। (ਏਜੰਸੀ)