ਨਵੀ ਦਿੱਲੀ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਨੇਵੜਿਆ ਪਿੰਡ ਦੇ ਨਿਵਾਸੀ ਬਹਾਦੁਰ ਕੋਲ ਕਰੀਬ ਇਕ ਏਕੜ ਜ਼ਮੀਨ ਹੈ ਅਤੇ ਘਰ ਖ਼ਰਚ ਚਲਾਉਣ ਲਈ ਉਹਨਾਂ ਨੂੰ ਮਜ਼ਦੂਰੀ ਵੀ ਕਰਨੀ ਪੈਂਦੀ ਹੈ। ਬੀਤੀ 24 ਫਰਵਰੀ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਤਹਿਤ ਖਾਤੇ ਵਿਚ 2000 ਰੁਪਏ ਪਾਏ ਗਏ ਸਨ ਪਰ ਕੁੱਝ ਹੀ ਘੰਟਿਆਂ ਦੌਰਾਨ ਵਾਪਸ ਵੀ ਹੋ ਗਏ।
ਵਿਜੇ ਬਹਾਦੁਰ ਨੇ ਦਸਿਆ ਕਿ ਯੂਨੀਅਨ ਬੈਂਕ ਦੇ ਬਰਈਪਾਰ ਜੌਨਪੁਰ ਵਿਚ ਉਹਨਾਂ ਦਾ ਖਾਤਾ ਹੈ ਅਤੇ ਉਸ ਖਾਤੇ ਚੋਂ ਉਹਨਾਂ ਦੇ ਪੈਸੇ ਕੱਟ ਲਏ ਗਏ ਹਨ। ਦੇਸ਼ ਦੇ ਕਈ ਖਾਤਿਆਂ ਵਿਚੋਂ ਵੀ ਮੋਦੀ ਨੇ ਪੈਸੇ ਦੇ ਕੇ ਵਾਪਸ ਕਰ ਲਏ ਹਨ। ਪਰ ਇਸ ’ਤੇ ਅਜੇ ਤਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੀ ਸ਼ਿਕਾਇਤ ਬਹਾਦੁਰ ਨੇ ਬੈਂਕ ਮੈਨੇਜਰ ਨੂੰ ਵੀ ਕੀਤੀ ਸੀ ਪਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ।
15-20 ਲੋਕ ਇਸ ਤਰ੍ਹਾਂ ਦੀ ਸ਼ਿਕਾਇਤ ਲੈ ਕੇ ਗਏ ਸਨ ਪਰ ਮੈਨੇਜਰ ਨੇ ਕਿਹਾ ਜਿੱਥੋਂ ਪੈਸੇ ਆਏ ਸਨ ਉੱਥੇ ਹੀ ਚਲੇ ਗਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਈ ਵਾਰ ਘਰ ਬਣਵਾਉਣ ਦੀ ਅਪੀਲ ਵੀ ਕੀਤੀ ਸੀ ਪਰ ਇਸ ’ਤੇ ਉਹਨਾਂ ਕਿਹਾ ਤੁਹਾਡੇ ਘਰ ਨਲਕਾ ਹੈ ਇਸ ਲਈ ਘਰ ਨਹੀਂ ਦਿੱਤਾ ਜਾਵੇਗਾ। ਮੋਦੀ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਸਿਰਫ ਬਣੀਆਂ ਹੀ ਹਨ ਪਰ ਇਹਨਾਂ ’ਤੇ ਕੋਈ ਕੰਮ ਨਹੀਂ ਕੀਤਾ ਜਾਂਦਾ।
ਇਹਨਾਂ ਯੋਜਨਾਵਾਂ ਦਾ ਲਾਭ ਗਰੀਬ ਲੋਕ ਤਾਂ ਲੈ ਹੀ ਨਹੀਂ ਸਕਦੇ। ਇਹ ਸਿਰਫ ਵੋਟਾਂ ਲਈ ਰਾਜਨੀਤੀ ਖੇਡੀ ਜਾ ਰਹੀ ਹੈ। ਪੈਸੇ ਕੱਟਣ ਤੋਂ ਬਾਅਦ ਬੈਂਕ ਦੇ ਕਈ ਅਧਿਕਾਰੀਆਂ ਨਾਲ ਸੰਪਰਕ ਵੀ ਕੀਤਾ ਸੀ ਪਰ ਕੋਈ ਮਦਦ ਨਹੀਂ ਮਿਲੀ। ਜੇਕਰ ਸਰਕਾਰ ਇਸ ਤਰ੍ਹਾਂ ਕਰਦੀ ਹੈ ਤਾਂ ਇਸ ਨੂੰ ਕਿਸਾਨਾਂ ਨਾਲ ਧੋਖਾ ਕਿਹਾ ਜਾਵੇਗਾ। ਇਸ ਦੀ ਖ਼ਬਰ ਅਖ਼ਬਾਰਾਂ ਵਿਚ ਛਪਵਾਉਣ ਨਾਲ ਵੀ ਇਸ ਦਿਸ਼ਾ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮਿਲੀ ਜਾਣਕਾਰੀ ਮੁਤਾਬਕ 5000 ਕਿਸਾਨਾਂ ਦੇ ਖਾਤੇ ਵਿਚੋਂ ਪੈਸੇ ਵਾਪਸ ਹੋਏ ਹਨ।