ਭਾਰਤ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 38 ਹਜ਼ਾਰ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ 'ਚ ਰੀਕਾਰਡ 2411 ਨਵੇਂ ਮਾਮਲੇ, 71 ਲੋਕਾਂ ਦੀ ਮੌਤ

Photo

ਨਵੀਂ ਦਿੱਲੀ, 2 ਮਈ: ਸਿਹਤ ਤੇ ਪਰਵਾਰ ਕਲਿਆਣ ਮੰਤਰਾਲੇ ਦੁਆਰਾ ਸ਼ਨਿਚਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧ ਕੇ 37776 ਹੋ ਗਈ ਹੈ। ਇਨ੍ਹਾਂ ਵਿਚ 26535 ਸਰਗਰਮ ਮਾਮਲੇ ਹਨ। ਮੰਤਰਾਲੇ ਨੇ ਕੋਰੋਨਾ ਵਾਇਰਸ ਨਾਲ ਹੁਣ ਤਕ 1223 ਲੋਕਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ। ਦਸਿਆ ਗਿਆ ਕਿ ਹੁਣ ਤਕ 10018 ਲੋਕ ਠੀਕ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲਾ ਨੇ ਦਸਿਆ ਹੈ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਕਰ ਕੇ 71 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਤਕ ਰੀਕਾਰਡ 2411 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਕ ਦਿਨ ਅੰਦਰ ਇਹ ਸੱਭ ਤੋਂ ਵੱਡਾ ਵਾਧਾ ਹੈ। ਮੰਤਰਾਲੇ ਨੇ ਕਿਹਾ ਹੈ ਕਿ 26.52 ਫ਼ੀ ਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਇਨ੍ਹਾਂ 'ਚੋਂ 111 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਖੇਤੀ ਖੇਤਰ ਵਿਚ ਜ਼ਰੂਰੀ ਮੁੱਦਿਆਂ ਤੇ ਸੁਧਾਰਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਮੀਟਿੰਗ ਕੀਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ। ਇਸ ਵਾਇਰਸ ਨਾਲ ਸ਼ੁਕਰਵਾਰ ਸ਼ਾਮ ਤੋਂ ਸਨਿਚਰਵਾਰ ਤਕ 24 ਘੰਟਿਆਂ 'ਚ 71 ਮੌਤਾਂ ਹੋਈਆਂ ਹਨ।

ਇਨ੍ਹਾਂ 'ਚ ਮਹਾਰਾਸ਼ਟਰ 'ਚ 26, ਗੁਜਰਾਤ ਤੋਂ 22, ਮੱਧ ਪ੍ਰਦੇਸ਼ ਤੋਂ ਅੱਠ, ਰਾਜਸਥਾਨ ਤੋਂ ਚਾਰ, ਕਰਨਾਟਕ 'ਚ ਤਿੰਨ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਦੋ-ਦੋ ਅਤੇ ਬਿਹਾਰ, ਹਰਿਆਣਾ, ਪੰਜਾਬ ਅਤੇ ਤਾਮਿਲਨਾਡੂ ਤੋਂ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਇਸ ਵਾਇਰਸ ਨਾਲ ਹੁਣ ਤਕ ਸੱਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ ਹੈ। ਮਹਾਰਾਸ਼ਟਰ 'ਚ 485 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਬਾਅਦ ਗੁਜਰਾਤ 'ਚ 236, ਮੱਧ ਪ੍ਰਦੇਸ਼ 'ਚ 145, ਰਾਜਸਥਾਨ 'ਚ 62, ਦਿੱਲੀ 'ਚ 61, ਉੱਤਰ ਪ੍ਰਦੇਸ਼ 'ਚ 43 ਅਤੇ ਪਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ 'ਚ 33-33 ਲੋਕਾਂ ਦੀ ਮੌਤ ਹੋਈ ਹੈ। ਤਾਮਿਲਨਾਡੂ 'ਚ ਮ੍ਰਿਤਕਾਂ ਦੀ ਗਿਣਤੀ 28 ਹੈ, ਤੇਲੰਗਾਨਾ 'ਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰਨਾਟਕ 'ਚ ਇਸ ਮਹਾਂਮਾਰੀ ਨਾਲ 25 ਮਰੀਜ਼ਾਂ ਦੀ ਮੌਤ ਹੋਈ ਹੈ।

ਪੰਜਾਬ 'ਚ 20 ਲੋਕਾਂ ਨੂੰ ਇਸ ਮਹਾਂਮਾਰੀ ਕਰ ਕੇ ਜਾਨ ਗੁਆਉਣੀ ਪਈ ਹੈ ਜਦਕਿ ਜੰਮੂ-ਕਸ਼ਮੀਰ 'ਚ ਅੱਠ, ਕੇਰਲ ਅਤੇ ਹਰਿਆਣਾ 'ਚ ਚਾਰ-ਚਾਰ ਅਤੇ ਝਾਰਖੰਡ ਅਤੇ ਬਿਹਾਰ 'ਚ ਤਿੰਨ-ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੇਘਾਲਿਆ, ਹਿਮਾਚਲ ਪ੍ਰਦੇਸ਼, ਉੜੀਸਾ ਅਤੇ ਆਸਾਮ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।

ਵੱਖੋ-ਵੱਖ ਸੂਬਿਆਂ ਵਲੋਂ ਦੱਸੀ ਗਈ ਗਿਣਤੀ ਅਨੁਸਾਰ 'ਪੀ.ਟੀ.ਆਈ. ਦੇ ਅੰਕੜਿਆਂ 'ਚ ਦੇਸ਼ ਅੰਦਰ ਇਸ ਲਾਗ ਦੇ 37,707 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ 1232 ਜਣਿਆਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਦੱਸੀ ਗਈ ਮੌਤ ਦੀ ਗਿਣਤੀ ਅਤੇ ਵੱਖੋ-ਵੱਖ ਸੂਬਿਆਂ ਵਲੋਂ ਦੱਸੀ ਗਿਣਤੀ 'ਚ ਫ਼ਰਕ ਹੈ।  (ਏਜੰਸੀ)