ਕੋਰੋਨਾ ਨਾਲ ਨਜਿਠਣਾ ਸੱਭ ਤੋਂ ਪਹਿਲਾ ਕੰਮ ਹੋਵੇਗਾ : ਮਮਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਦੇਣ ਦਾ ਦਾਅਵਾ

Mamata Banerjee

ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ 19 ਕਾਰਨ ਬਣੇ ਹਾਲਾਤਾਂ ਨਾਲ ਨਜਿਠਣਾ ਉਨ੍ਹਾਂ ਦੀ ਸਰਕਾਰ ਦੀ ਸੱਭ ਤੋਂ ਪਹਿਲੀ ਤਰਜੀਹ ਹੋਵੇਗੀ। ਬੈਨਰਜੀ ਨੇ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਸ਼ਾਨਦਾਰ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿਤਾ। ਪਾਰਟੀ ਵਰਕਰਾਂ ਨੂੰ ਅਪਣੇ ਇਕ ਸੰਦੇਸ਼ ’ਚ ਬੈਨਰਜੀ ਨੇ ਕਿਹਾ, ‘‘ਸਾਡੇ ਲਈ ਕੋਵਿਡ 19 ਨਾਲ ਨਜਿਠਣਾ ਪਹਿਲੀ ਤਰਜੀਹ ਵਿਚ ਰਹੇਗਾ, ਇਹ ਬੰਗਾਲ ਦੀ ਜਿੱਤ ਹੈ ਅਤੇ ਸਿਰਫ਼ ਬੰਗਾਲ ਹੀ ਅਜਿਹਾ ਕਰ ਸਕਦਾ ਹੈ।’’  

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਬੋਧਤ ਕਰਦੇ ਹੋਏ ਕਿਹਾ ਕਿ ਉਹ ਡਬਲ ਸੇਂਚੁਰੀ ਦੀ ਉਮੀਦ ਕਰ ਰਹੀ ਸੀ। 221 ਸੀਟਾਂ ਨੂੰ ਜਿੱਤਣ ਦੀ ਉਮੀਦ ਕਰ ਰਹੀ ਸੀ।ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਅਸੀਂ ਜਸ਼ਨ ਨਹੀਂ ਕਰਾਂਗੇ, ਛੋਟਾ ਜਿਹਾ ਸਮਾਰੋਹ ਕਰ ਕੇ ਕੋਵਿਡ ਦੀ ਲੜਾਈ ’ਚ ਜੁੱਟ ਜਾਵਾਂਗੇ। ਬੰਗਾਲ ਦੀ ਸੀਐੱਮ ਨੇ ਚੋਣ ਕਮਿਸ਼ਨ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਵੀ ਲਗਾਇਆ।

ਉਨ੍ਹਾਂ ਨੇ ਕਿਹਾ ਚੋਣ ਕਮਿਸ਼ਨ ਨੇ ਖਰਾਬ ਵਿਵਹਾਰ ਕੀਤਾ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਪੂਰੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਦਿਤੀ ਜਾਵੇਗੀ। ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਇਹ ਮੰਗ ਕਰਦੀ ਹੈ ਕਿ ਦੇਸ਼ ਦੇ 140 ਕਰੋੜ ਲੋਕਾਂ ਨੂੰ ਮੁਫਤ ਵੈਕਸੀਨ ਦਿਤੀ ਜਾਵੇ।

ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ ਨਹੀਂ ਮਿਲੀ ਤਾਂ ਉਹ ਗਾਂਧੀ ਮੂਰਤੀ ਦੇ ਬਾਹਰ ਫਿਰ ਤੋਂ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਬੰਗਾਲ ਚੋਣਾਂ ’ਚ ਜੋ ਇਹ ਸਫਲਤਾ ਮਿਲੀ ਹੈ ਇਸਦੇ ਲਈ ਉਨ੍ਹਾਂ ਟੀਐਮਸੀ ਪ੍ਰਵਾਰ ਵਲੋਂ ਧੰਨਵਾਦ ਕੀਤਾ। ਇਸਦੇ ਨਾਲ ਹੀ, ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਤੋਂ ਨਿਕਲਣ ਦੇ ਬਾਅਦ ਜੇਤੂ ਜਲੂਸ ਕੱਢੇਗੀ। ਉਨ੍ਹਾਂ ਕਿਹਾ ਕਿ ਸਾਡਾ ਸਹੁੰ ਚੁੱਕ ਸਮਾਰੋਹ ਛੋਟਾ ਜਿਹਾ ਹੋਵੇਗਾ।