ਸਾਡੇ ਗ਼ਰੀਬ ਦੇਸ਼ ਭਾਰਤ ’ਤੇ ਛੜੇ ਸਿਆਸਤਦਾਨਾਂ ਦੀ ਸਰਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਬਦਕਿਸਮਤੀ ਕਿ ਸਾਡੀ ਸਿਆਸਤ ਜ਼ਿੰਮੇਵਾਰ ਵਿਅਕਤੀ ਤੋਂ ਵਾਂਝੀ

Narendra Modi and Yogi Adityanath

ਸੰਗਰੂਰ  (ਬਲਵਿੰਦਰ ਸਿੰਘ ਭੁੱਲਰ): ਸਾਡੇ ਦੇਸ਼ ਦੀ ਮਾੜੀ ਕਿਸਮਤ ਜਾਂ ਦੁਰਭਾਗ ਹੈ ਕਿ ਸਾਨੂੰ ਰਾਜਨੀਤੀ ਵਿਚ ਘਰ ਪ੍ਰਵਾਰ ਵਾਲੇ, ਬਾਲ ਬੱਚੇਦਾਰ ਅਤੇ ਕਬੀਲਦਾਰ ਰਾਜਨੀਤਕ ਆਗੂ ਨਹੀਂ ਮਿਲੇ ਸਗੋਂ ਛੜੇ ਅਤੇ ਅਣਵਿਆਹੇ ਲੋਕਾਂ ਨਾਲ ਹੀ ਵਾਹ ਪਿਆ ਜਿਨ੍ਹਾਂ ਨੂੰ ਨਮਕ, ਤੇਲ ਅਤੇ ਘਰ ਖਾਣ ਵਾਲੇ ਆਟੇ ਦੀ ਸੂਝ ਜਾਂ ਬੁਨਿਆਦੀ ਲੋੜਾਂ ਦੀ ਜਾਣਕਾਰੀ ਨਹੀਂ ਹੁੰਦੀ।

ਇਕ ਜ਼ਿੰਮੇਵਾਰ ਪ੍ਰਵਾਰਕ ਇਨਸਾਨ ਹੀ ਆਮ ਲੋਕਾਂ ਦੀਆਂ ਜ਼ਰੂਰਤਾਂ, ਮੁਸ਼ਕਲਾਂ ਅਤੇ ਮਜਬੂਰੀਆਂ ਨੂੰ ਬਾਖ਼ੂਬੀ ਸਮਝ ਸਕਦਾ ਹੈ। ਸਾਡੇ ਉੱਪਰ ਉਹ ਅਨੇਕਾਂ ਲੋਕ ਰਾਜ ਕਰ ਰਹੇ ਹਨ ਜਾਂ ਰਾਜ ਕਰ ਚੁੱਕੇ ਹਨ, ਜਿਹੜੇ ਬੱਚਿਆਂ ਅਤੇ ਪਤਨੀ ਸਮੇਤ ਘਰ ਦੀਆਂ ਅਨੇਕਾਂ ਪ੍ਰਵਾਰਕ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਅਣਭਿੱਜ ਹਨ ਅਤੇ ਉਨ੍ਹਾਂ ਨੂੰ ਆਟੇ ਦਾਣੇ ਦੇ ਭਾਅ ਦਾ ਕੋਈ ਪਤਾ ਨਹੀਂ। ਅਜਿਹੇ ਛੜੇ ਲੋਕ ਜਿੱਥੇ ਖ਼ੁਦ ਅੱਧੇ-ਅਧੂਰੇ ਇਨਸਾਨ ਹੁੰਦੇ ਹਨ, ਉਥੇ ਉਨ੍ਹਾਂ ਗ਼ਰੀਬੀ ਰੇਖਾ ਤੋਂ ਹੇਠਾਂ ਵਸਦੇ ਲੋੜਵੰਦ ਦੇਸ਼ ਵਾਸੀਆਂ ਦੀ ਵੀ ਕੋਈ ਸਾਰ ਨਹੀਂ ਲਈ ਹੁੰਦੀ ਜਿਵੇਂ ਕਿ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਲ ਹੈ। 

ਇਸ ਤੋਂ ਪਹਿਲਾਂ ਸਾਡੇ ਦੇਸ਼ ਅਤੇ ਅਟਲ ਬਿਹਾਰੀ ਵਾਜਪਾਈ ਵੀ ਰਾਜ ਕਰ ਚੁੱਕੇ ਹਨ, ਜਿਹੜੇ ਭਾਵੇਂ ਛੜੇ ਸਨ ਪਰ ਬਾਕੀ ਕਈਆਂ ਨਾਲੋਂ ਚੰਗੇ ਸਨ। ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬੁਲ ਕਲਾਮ ਅਜ਼ਾਦ ਵੀ ਛੜੇ ਸਨ ਪਰ ਉਨ੍ਹਾਂ ਬਤੌਰ ਮਿਜ਼ਾਈਲ ਵਿਗਿਆਨੀ ਦੇਸ਼ ਦੇ ਵਿਕਾਸ ਵਿਚ ਅਪਣਾ ਮਹੱਤਵਪੂਰਨ ਯੋਗਦਾਨ ਪਾਇਆ।

ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਜੈਲਲਿਤਾ, ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ, ਉੱਤਰ ਪ੍ਰਦੇਸ਼ ਸਰਕਾਰ ਦੀ ਸਾਬਕਾ ਮੁੱਖ ਮੰਤਰੀ ਮਾਇਆ ਦੇਵੀ, ਭਾਰਤੀ ਜਨਤਾ ਪਾਰਟੀ ਦੀ ਮੀਤ ਪ੍ਰਧਾਨ ਉਮਾ ਭਾਰਤੀ, ਯੂ.ਪੀ.ਦੇ ਮੌਜੂਦਾ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ, ਅਸਾਮ ਦੇ ਮੌਜੂਦਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਬੀਜੂ ਜਨਤਾ ਦਲ ਦੇ ਪ੍ਰਧਾਨ ਅਤੇ ਉੜੀਸਾ ਦੇ ਮੌਜੂਦਾ ਮੁੱਖ ਮੰਤਰੀ ਨਵੀਨ ਪਟਨਾਇਕ ਸਮੇਤ ਹਰਿਆਣਾ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਛੜੇ ਅਤੇ ਅਣਵਿਆਹੇ ਸਿਆਸੀ ਆਗੂ ਹਨ। 

ਹੁਣ ਸੱਭ ਤੋਂ ਅਖ਼ੀਰ ਵਿਚ ਰਾਹੁਲ ਗਾਂਧੀ ਦੀ ਗੱਲ ਵੀ ਕੀਤੀ ਜਾਵੇ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮਜਬੂਤ ਦਾਅਵੇਦਾਰ ਹਨ। ਰਾਹੁਲ ਗਾਂਧੀ ਵੀ ਦੇਸ਼ ਦੀ ਨੈਸ਼ਨਲ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਦੇਸ਼ ਦੀ ਭਵਿੱਖ ਦੀ ਰਾਜਨੀਤੀ ਦੇ ਉਭਰਵੇਂ ਤੇ ਪ੍ਰਭਾਵਸ਼ਾਲੀ ਆਗੂ ਹਨ ਪਰ ਉਨ੍ਹਾਂ ਦੀ ਗਿਣਤੀ ਵੀ ਹੁਣ ਛੜਿਆਂ ਵਿਚ ਆ ਗਈ ਹੈ।

ਜਿਹੜੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਛੜਾ ਬੰਦਾ ਚੰਗਾ ਸ਼ਾਸਕ ਨਹੀਂ ਬਣ ਸਕਦਾ ਜਦ ਕਿ ਭਾਜਪਾ ਦਾ ਧਾਰਮਕ ਅਤੇ ਸਿਆਸੀ ਵਿੰਗ ਆਰ.ਐਸ.ਐਸ. (ਰਾਸ਼ਟਰੀ ਸੋਇਮ ਸੇਵਕ ਸੰਘ) ਵਿਚ ਉਸੇ ਵਿਅਕਤੀ ਨੂੰ ਹੀ ਚੰਗਾ ਸਮਝਿਆ ਜਾਂਦਾ ਹੈ, ਜਿਹੜਾ ਛੜਾ ਹੋਵੇ ਜਾਂ ਵਿਆਹ ਕਰਵਾ ਕੇ ਅਪਣੀ ਵਹੁਟੀ ਨੂੰ ਛੱਡ ਦੇਵੇ। ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਖ਼ੁਦ ਵੀ ਛੜੇ ਹਨ ਅਤੇ ਛੜਿਆਂ ਨੂੰ ਹੀ ਚੰਗੇ ਧਾਰਮਕ ਅਤੇ ਰਾਜਨੀਤਕ ਆਗੂ ਮੰਨਦੇ ਹਨ।