ਧੜੱਲੇ ਨਾਲ ਚੱਲ ਰਹੀ ਸੀ ਨਾਜਾਇਜ਼ ਮਾਇਨਿੰਗ, CM ਉਡਣ ਦਸਤੇ ਦੀ ਅਚਨਚੇਤ ਚੈਕਿੰਗ ਨੇ ਉਡਾਏ ਸਭ ਦੇ ਹੋਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਮੁਨਾਨਗਰ 'ਚ ਦੇਰ ਸ਼ਾਮ ਹੋਈ ਕਾਰਵਾਈ ਕਾਰਨ ਮਾਈਨਿੰਗ ਮਾਫੀਆ ਨੂੰ ਹੱਥਾਂ ਪੈਰਾਂ ਦੀ ਪਈ

Illegal mining

ਯਮੁਨਾਨਗਰ : ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ 'ਤੇ ਮੁੱਖ ਮੰਤਰੀ ਦੇ ਫਲਾਇੰਗ ਦਸਤੇ ਵਲੋਂ ਅਚਨਚੇਤ ਰੇਡ ਕੀਤੀ ਗਈ। ਇੰਨਾ ਹੀ ਨਹੀਂ ਸਗੋਂ ਮੌਕੇ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਗਈਆਂ। ਇਸ ਤੋਂ ਬਾਅਦ ਹੁਣ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਮਾਮਲਾ ਯਮੁਨਾਨਗਰ ਦਾ ਹੈ ਜਿਥੇ  ਸੀ.ਐਮ. ਦੇ ਉਡਣ ਦਸਤੇ ਵਲੋਂ ਚੈਕਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫਲਾਇੰਗ ਦਸਤੇ ਨੂੰ ਦੇਖ ਕੇ ਮਾਈਨਿੰਗ ਕਰ ਰਹੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਇਸ ਰੇਡ ਬਾਰੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਕੋਈ ਖਬਰ ਨਹੀਂ ਸੀ। ਦੱਸ ਦੇਈਏ ਕਿ ਇਹ ਰੇਡ ਦੇਰ ਸ਼ਾਮ ਕੀਤੀ ਗਈ ਅਤੇ ਇਹ ਇਲਾਕਾ ਯਮੁਨਾਨਗਰ ਦੇ ਸ਼ਿਵਾਲਿਕ ਪਰਬਤ ਮਾਲਾਓਂ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਉਡਣ ਦਸਤੇ ਨੇ ਇਸ ਜਾਣਕਾਰੀ ਨੂੰ ਇਨਾ ਗੁਪਤ ਰੱਖਿਆ ਕਿ ਸਥਾਨਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਦੱਸਣਯੋਗ ਹੈ ਕਿ ਇਹ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਬਾਰੇ ਕੋਈ ਵੀ ਅਧਿਕਾਰੀ ਅਧਿਕਾਰਿਤ ਤੌਰ 'ਤੇ ਕਿਸੇ ਤਰ੍ਹਾਂ ਦਾ ਬਿਆਨ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਮੌਕੇ 'ਤੇ ਕੁਝ ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਉਡਣ ਦਸਤੇ ਵਲੋਂ ਕੀਤੀ ਇਸ ਰੇਡ ਦੌਰਾਨ ਮੌਕੇ ਤੋਂ ਇਕ ਜੇ.ਸੀ.ਬੀ. ਮਸ਼ੀਨ ਫੜੀ ਗਈ ਹੈ ਪਰ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਗੈਰ-ਕਾਨੂੰਨੀ ਮਾਈਨਿੰਗ ਬਾਰੇ ਕਿਸੇ ਨੇ ਕੋਈ ਸ਼ਿਕਾਇਤ ਦਿਤੀ ਹੈ ਜਾਂ ਨਹੀਂ, ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ।

ਦੱਸ ਦੇਈਏ ਕਿ ਉਡਣ ਦਸਤੇ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਮੌਕੇ ਦੀਆਂ ਤਸਵੀਰਾਂ ਖਿੱਚ ਲਈਆਂ ਗਈਆਂ ਹਨ ਜੋ ਰਿਕਾਰਡ ਵਿਚ ਲਿਆਂਦੀਆਂ ਗਈਆਂ ਹਨ। ਫਿਲਹਾਲ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਇਸ ਜਗ੍ਹਾ 'ਤੇ ਇੱਕ ਕੰਪਨੀ ਵਲੋਂ ਕੰਮ ਸ਼ੁਰੂ ਕੀਤਾ ਜਾਣਾ ਸੀ ਜਿਸ ਨੂੰ ਠੇਕਾ ਵੀ ਦਿਤਾ ਗਿਆ ਸੀ।

ਪਰ ਉਹ ਕੰਪਨੀ ਵਲੋਂ ਅਜੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਤੇ ਉਸ ਤੋਂ ਪਹਿਲਾਂ ਹੀ ਇਥੇ ਨਾਜਾਇਜ਼ ਮਾਈਨਿੰਗ ਸ਼ੁਰੂ ਹੋ ਗਈ। ਇਸ ਲਈ ਹੁਣ ਜਾਂਚ ਕੀਤੀ ਜਾਂ ਰਹੀ ਹੈ ਕਿ ਇਹ ਮਾਈਨਿੰਗ ਉਸ ਕੰਪਨੀ ਵਲੋਂ ਹੀ ਕੀਤੀ ਜਾ ਰਹੀ ਹੈ ਜਾਂ ਕੋਈ ਹੋਰ ਲੋਕ ਇਸ ਵਿਚ ਸ਼ਾਮਲ ਹਨ।

ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਕੰਪਨੀ ਵਲੋਂ ਹੀ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਵੀ ਸਿਰਫ ਬਾਰੀਕ ਰੇਤ ਚੁੱਕਣ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਇਥੇ ਹੁਣ ਵੱਡੇ ਵੱਡੇ ਪੱਥਰ ਆਦਿ ਵੀ ਚੁੱਕੇ ਜਾ ਰਹੇ ਹਨ ਜੋ ਕਿ ਗੈਰ-ਕਾਨੂੰਨੀ ਹੈ। ਫਿਲਹਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।