ਪੁਣੇ ਦੀ 6 ਸਾਲਾ ਅਰਿਸ਼ਕਾ ਲੱਢਾ ਨੇ ਸਰ ਕੀਤਾ ਮਾਊਂਟ ਐਵਰੈਸਟ ਬੇਸ ਕੈਂਪ
ਅਜਿਹਾ ਕਰਨ ਵਾਲੀ ਬਣੀ ਸਭ ਤੋਂ ਛੋਟੀ ਉਮਰ ਦੀ ਭਾਰਤੀ
ਅਰਿਸ਼ਕਾ ਲੱਢਾ ਨੇ ਅਪਣੀ ਮਾਂ ਡਿੰਪਲ ਨਾਲ ਮਿਲ ਕੇ 15 ਦਿਨ 'ਚ ਸਰ ਕੀਤਾ ਟੀਚਾ
ਪੁਣੇ : ਮਹਾਰਾਸ਼ਟਰ ਦੀ ਰਹਿਣ ਵਾਲੀ ਅਰਿਸ਼ਕਾ ਲੱਢਾ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਚੜ੍ਹਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਐਵਰੈਸਟ ਬੇਸ ਕੈਂਪ 17,500 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਹੈ। ਛੇ ਸਾਲਾ ਅਰਿਸ਼ਕਾ ਨੇ ਅਪਣੀ ਮਾਂ ਡਿੰਪਲ ਨਾਲ ਮਿਲ ਕੇ 15 ਦਿਨਾਂ 'ਚ ਇਸ ਮੁਹਿੰਮ ਨੂੰ ਪੂਰਾ ਕੀਤਾ।
ਅਰਿਸ਼ਕਾ ਨੇ ਅਪਣਾ ਤਜਰਬਾ ਸਾਂਝਾ ਕਰਦਿਆਂ ਦਸਿਆ ਕਿ ਉਥੇ ਬਹੁਤ ਠੰਡ ਸੀ, ਮੈਂ ਖ਼ੁਸ਼ ਹਾਂ। ਮੈਂ ਭਵਿੱਖ ਵਿਚ ਐਵਰੈਸਟ ਫ਼ਤਹਿ ਕਰਨਾ ਚਾਹੁੰਦਾ ਹਾਂ। ਆਮ ਤੌਰ 'ਤੇ ਸਿਰਫ਼ 12 ਸਾਲ ਤੋਂ ਵੱਧ ਉਮਰ ਦੇ ਬੱਚੇ ਹੀ ਬੇਸ ਕੈਂਪ 'ਤੇ ਚੜ੍ਹਦੇ ਹਨ।
ਜਾਣਕਾਰੀ ਅਨੁਸਾਰ ਉਹ ਬਚਪਨ ਤੋਂ ਹੀ ਐਥਲੈਟਿਕਸ ਵਿਚ ਸ਼ਾਮਲ ਰਹੀ ਹੈ। ਅਰਿਸ਼ਕਾ ਸਾਈਕਲਿੰਗ ਦੇ ਨਾਲ-ਨਾਲ ਟ੍ਰੈਕਿੰਗ ਅਤੇ ਦੌੜਨ ਦਾ ਅਭਿਆਸ ਵੀ ਕਰ ਰਹੀ ਹੈ। ਉਸ ਨੂੰ ਦਸਿਆ ਗਿਆ ਕਿ ਇਹ ਇਕ ਖ਼ਤਰਿਆਂ ਭਰੀ ਮੁਹਿੰਮ ਹੈ ਅਤੇ ਫਿਰ ਵੀ ਉਸ ਨੇ ਅੱਗੇ ਜਾਣ ਦਾ ਫ਼ੈਸਲਾ ਕੀਤਾ। ਅਭਿਆਸ ਲਈ ਉਹ ਪੁਣੇ ਦੇ ਆਲੇ-ਦੁਆਲੇ ਦੇ ਕਿਲ੍ਹਿਆਂ 'ਤੇ ਚੜ੍ਹੀ। ਇਸ ਦੇ ਨਾਲ ਹੀ ਅਰਿਸ਼ਕਾ ਦੇ ਪਿਤਾ ਕੌਸਤੁਭ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅਸੀਂ ਖ਼ੁਸ਼ ਹਾਂ।