ਦਿੱਲੀ-NCR 'ਚ ਗੈਂਗਸਟਰ ਕਪਿਲ ਸਾਂਗਵਾਨ ਵਿਰੁਧ ਛਾਪੇਮਾਰੀ, 6 ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਕਾਰ, ਤਿੰਨ ਪਿਸਤੌਲ, ਸੱਤ ਗੋਲੀਆਂ, 20 ਲੱਖ ਰੁਪਏ, 22.4 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ

Representational Image

ਇਕ ਕਾਰ, ਤਿੰਨ ਪਿਸਤੌਲ, ਸੱਤ ਗੋਲੀਆਂ, 20 ਲੱਖ ਰੁਪਏ, 22.4 ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲਾ ਪਦਾਰਥ ਬਰਾਮਦ 
ਨਵੀਂ ਦਿੱਲੀ : ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਦੇ ਸਾਥੀਆਂ ਦੀ ਭਾਲ ਵਿਚ ਪੁਲਿਸ ਨੇ ਬੁੱਧਵਾਰ ਨੂੰ ਦਿੱਲੀ-ਐਨਸੀਆਰ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਕੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 20 ਹੋਰਾਂ ਨੂੰ ਹਿਰਾਸਤ ਵਿਚ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਕਾਰਵਾਈ ਦਵਾਰਕਾ ਦੇ ਬਿੰਦਾਪੁਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਮੋਰਚਾ ਦੇ ਆਗੂ ਸੁਰਿੰਦਰ ਮਟਿਆਲਾ ਦੀ ਹੱਤਿਆ ਦੇ ਸਬੰਧ ਵਿਚ ਦੋ ਨਾਬਾਲਗ਼ਾਂ ਨੂੰ ਹਿਰਾਸਤ ਵਿਚ ਲੈਣ ਅਤੇ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਦਿਨ ਬਾਅਦ ਹੋਈ ਹੈ। ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤੇ ਗਏ ਦੋ ‘ਸ਼ੂਟਰਾਂ’ ਵਿਚੋਂ ਇਕ ਕਪਿਲ ਸਾਂਗਵਾਨ ਇਸ ਗਿਰੋਹ ਨਾਲ ਜੁੜਿਆ ਹੋਇਆ ਸੀ।

ਪੁਲਿਸ ਦੇ ਡਿਪਟੀ ਕਮਿਸ਼ਨਰ (ਦਵਾਰਕਾ) ਐਮ. ਹਰਸ਼ਵਰਧਨ ਨੇ ਕਿਹਾ ਕਿ 300 ਪੁਲਿਸ ਕਰਮਚਾਰੀਆਂ ਦੀਆਂ 21 ਟੀਮਾਂ ਨੇ ਦਿੱਲੀ ਵਿਚ 15 ਅਤੇ ਹਰਿਆਣਾ ਵਿਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ। ਉਨ੍ਹਾਂ ਦਸਿਆ ਕਿ ਛਾਪੇਮਾਰੀ ਦੌਰਾਨ ਹੋਈਆਂ ਬਰਾਮਦਗੀਆਂ ਦੇ ਆਧਾਰ 'ਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 20 ਹੋਰਾਂ ਨੂੰ ਅਸਲਾ ਐਕਟ ਅਤੇ ਨਾਰਕੋਟਿਕ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।

ਹਰਸ਼ਵਰਧਨ ਮੁਤਾਬਕ ਕਪਿਲ ਸਾਂਗਵਾਨ ਅਤੇ ਉਸ ਦੇ ਸਾਥੀਆਂ ਵਿਰੁਧ ਛਾਪੇਮਾਰੀ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਕੁਝ ਸਮਾਂ ਪਹਿਲਾਂ ਥਾਣਾ ਬਿੰਦਾਪੁਰ ਵਿਖੇ ਸੁਰਿੰਦਰ ਨਾਮਕ ਵਿਅਕਤੀ ਦੇ ਕਤਲ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਸਬੰਧ ਵਿਚ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰਸ਼ਵਰਧਨ ਮੁਤਾਬਕ ਬੁੱਧਵਾਰ ਦੇ ਛਾਪੇ ਨੂੰ ਸੁਰਿੰਦਰ ਦੇ ਕਤਲ ਕੇਸ ਨਾਲ ਵੀ ਜੋੜਿਆ ਗਿਆ ਕਿਉਂਕਿ ਸਾਂਗਵਾਨ ਦੇ ਇਸ ਵਿਚ ਸ਼ਾਮਲ ਹੋਣ ਦਾ ਸ਼ੱਕ ਸੀ।

ਉਨ੍ਹਾਂ ਕਿਹਾ ਕਿ ਖੂਫ਼ੀਆ ਸੂਚਨਾਵਾਂ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ‘ਭਗੌੜਾ’ ਕਰਾਰ ਦਿਤਾ ਗਿਆ ਸਾਂਗਵਾਨ ਅਜੇ ਵੀ ਵਿਦੇਸ਼ ਵਿਚ ਲੁਕਿਆ ਹੋਇਆ ਹੈ। ਹਰਸ਼ਵਰਧਨ ਅਨੁਸਾਰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਤਿਨ ਨਰੂਲਾ, ਨਿਖਿਲ, ਰਾਜਪਾਲ, ਦੀਪਕ, ਮੋਹਿਤ ਅਤੇ ਜਤਿੰਦਰ ਦਹੀਆ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਦੀਪਕ, ਨਿਖਿਲ ਅਤੇ ਨਿਤਿਨ ਹੋਰ ਅਪਰਾਧਕ ਮਾਮਲਿਆਂ ਵਿਚ ਵੀ ਸ਼ਾਮਲ ਪਾਏ ਗਏ ਹਨ।

ਹਰਸ਼ਵਰਧਨ ਅਨੁਸਾਰ ਛਾਪੇਮਾਰੀ ਦੌਰਾਨ ਵੱਖ-ਵੱਖ ਥਾਵਾਂ ਤੋਂ ਇਕ ਕਾਰ, ਤਿੰਨ ਪਿਸਤੌਲ, ਸੱਤ ਗੋਲੀਆਂ, 20 ਲੱਖ ਰੁਪਏ, 22.4 ਗ੍ਰਾਮ ਹੈਰੋਇਨ ਅਤੇ 73 ਗ੍ਰਾਮ ਨਸ਼ੀਲਾ ਐਮਫ਼ੇਟਾਮਾਈਨ ਵੀ ਬਰਾਮਦ ਕੀਤਾ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਵਿਚ ਪੁਲਿਸ ਨੇ ਗੈਂਗਸਟਰ ਕਪਿਲ ਸਾਂਗਵਾਨ ਅਤੇ ਉਸ ਦੇ ਸਾਥੀਆਂ ਦੀ ਭਾਲ ਵਿਚ ਝੱਜਰ, ਸੋਨੀਪਤ, ਬਹਾਦੁਰਗੜ੍ਹ ਅਤੇ ਮਹਿੰਦਰਗੜ੍ਹ ਵਿਚ ਛਾਪੇਮਾਰੀ ਕੀਤੀ।

ਤਿਹਾੜ ਜੇਲ 'ਚ ਬੰਦ ਬਦਨਾਮ ਅਪਰਾਧੀ ਟਿੱਲੂ ਤਾਜਪੁਰੀਆ ਦੀ ਕਥਿਤ ਤੌਰ 'ਤੇ ਵਿਰੋਧੀ ਗੋਗੀ ਗੈਂਗ ਦੇ ਮੈਂਬਰਾਂ ਵਲੋਂ ਹਤਿਆ ਕਰਨ ਤੋਂ ਇਕ ਦਿਨ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਤਾਜਪੁਰੀਆ 2021 ਦੀ ਰੋਹਿਣੀ ਕੋਰਟ ਗੋਲੀ ਕਾਂਡ ਦਾ ਦੋਸ਼ੀ ਸੀ ਜਿਸ ਵਿਚ ਗੈਂਗਸਟਰ ਜਤਿੰਦਰ ਗੋਗੀ ਮਾਰਿਆ ਗਿਆ ਸੀ। ਤਾਜਪੁਰੀਆ ਦੀ ਮੰਗਲਵਾਰ ਤੜਕੇ ਤਿਹਾੜ ਜੇਲ ਵਿਚ ਗੋਗੀ ਗੈਂਗ ਦੇ ਚਾਰ ਕਥਿਤ ਮੈਂਬਰਾਂ ਨੇ ਹਤਿਆ ਕਰ ਦਿਤੀ ਸੀ।