'Waves-2025' : ਦੁਨੀਆਂ ਭਰ ਦੇ ਉਦਯੋਗਪਤੀਆਂ ਤੋਂ ਲੈ ਕੇ ਨੀਤੀ ਨਿਰਮਾਤਾ ਲੈ ਰਹੇ ਸੰਵਾਦ ’ਚ ਹਿੱਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਕਰਦਿਆਂ ਵੇਵਜ਼ ਐਵਾਰਡ ਦਾ ਕੀਤਾ ਐਲਾਨ

'Waves-2025: Industrialists and policy makers from all over the world are taking part in the dialogue.

'Waves-2025': ਪਹਿਲਾ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) 2025 ਮੁੰਬਈ ’ਚ 1 ਮਈ ਤੋਂ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੁਨੀਆ ਦੀਆਂ ਸਭ ਤੋਂ ਵਧੀਆ ਪ੍ਰਤਿਭਾਵਾਂ ਦੇ ਨਾਲ-ਨਾਲ ਮਨੋਰੰਜਨ ਦੀ ਦੁਨੀਆ ਵਿੱਚ ਚਮਕਦੇ ਸਿਤਾਰਿਆਂ ਨੂੰ ਇਕੱਠਾ ਕੀਤਾ ਗਿਆ ਹੈ। ਇਹ ਆਯੋਜਨ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਚਾਰ ਦਿਨਾਂ ਲਈ ਕੀਤਾ ਜਾ ਰਿਹਾ ਹੈ। ਵੇਵਜ਼ 2025 ਇੱਕ ਚਾਰ-ਦਿਨਾਂ ਸਮਾਗਮ ਹੈ ਜੋ ਮੀਡੀਆ ਅਤੇ ਮਨੋਰੰਜਨ ਜਗਤ ਨੂੰ ਇਕੱਠਾ ਕਰਦਾ ਹੈ। ਵੇਵਜ਼ 2025 ਦੀ ਟੈਗਲਾਈਨ ‘ਕਨੈਕਟਿੰਗ ਕ੍ਰਿਏਟਰਜ਼, ਕਨੈਕਟਿੰਗ ਕੰਟਰੀਜ਼’ ਹੈ। ਇਸ ਵਿੱਚ 90 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ, ਜਿਸ ਵਿੱਚ 10,000 ਤੋਂ ਵੱਧ ਡੈਲੀਗੇਟ, 1,000 ਕ੍ਰਿਏਟਰ, 300 ਤੋਂ ਵੱਧ ਕੰਪਨੀਆਂ ਅਤੇ 350 ਤੋਂ ਵੱਧ ਸਟਾਰਟਅੱਪ ਹਿੱਸਾ ਲੈਣਗੇ। ਇਹ ਸਿਰਫ਼ ਇੱਕ ਸੰਮੇਲਨ ਹੀ ਨਹੀਂ ਹੈ ਬਲਕਿ ਅੰਤਰਰਾਸ਼ਟਰੀ ਰਚਨਾਤਮਕ ਉਦਯੋਗ ਵਿੱਚ ਭਾਰਤ ਦੀ ਉੱਭਰ ਰਹੀ ਮੌਜੂਦਗੀ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੌਕਾ ਵੀ ਹੈ। ਇਸ ਦੌਰਾਨ ਵੱਡੇ ਵੱਡੇ ਉਦਯੋਗਪਤੀਆਂ ਤੋਂ ਲੈ ਕੇ ਨੀਤੀ ਨਿਰਮਾਤਾਵਾਂ, ਕ੍ਰਿਏਟਰਜ਼, ਸਟਾਰਟੱਪਸ ਨਾਲ ਸੰਵਾਦ ਵੀ ਕੀਤੇ ਜਾਣਗੇ। ਇਸ ਚਾਰ ਦਿਨਾਂ ਵੇਵਜ਼ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸਿਨੇਮਾ ਦੇ ਮਹਾਨ ਕਲਾਕਾਰਾਂ ਗੁਰੂ ਦੱਤ, ਪੀ. ਭਾਨੂਮਤੀ, ਰਾਜ ਖੋਸਲਾ, ਰਿਤਵਿਕ ਘਟਕ ਅਤੇ ਸਲਿਲ ਚੌਧਰੀ ’ਤੇ ਯਾਦਗਾਰੀ ਡਾਕ ਟਿਕਟਾਂ ਲਾਂਚ ਕੀਤੀਆਂ। ਇਸ ਤੋਂ ਇਲਾਵਾ, ਪੀਐਮ ਮੋਦੀ ਨੇ ਵੇਵਜ਼ ਐਵਾਰਡਾਂ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਪੁਰਸਕਾਰ ਕਲਾ ਅਤੇ ਕ੍ਰਿਏਟੀਵਿਟੀ ਦੇ ਖੇਤਰ ਵਿੱਚ ਸਭ ਤੋਂ ਵੱਕਾਰੀ ਅਤੇ ਪ੍ਰਸ਼ੰਸਾਯੋਗ ਪੁਰਸਕਾਰ ਹੋਣਗੇ। ਇਸ ਮੌਕੇ ਮੋਦੀ ਨੇ ਕਿਹਾ ਕਿ ਕਿ ‘ਵੇਵਜ਼’ ਦਾ ਉਦੇਸ਼ ਦੁਨੀਆ ਭਰ ਦੇ ਕ੍ਰਿਏਟਰਾਂ, ਸਟਾਰਟਅੱਪਸ, ਉਦਯੋਗ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਕਰ ਕੇ ਭਾਰਤ ਨੂੰ ਮੀਡੀਆ, ਮਨੋਰੰਜਨ ਅਤੇ ਡਿਜੀਟਲ ਨਵੀਨਤਾ ਲਈ ਇੱਕ ਗਲੋਬਲ ਹੱਬ ਬਣਾਉਣਾ ਹੈ।

ਇਸ ਸੰਮੇਲਨ ’ਚ ਭਾਰਤ ਅਤੇ ਵਿਦੇਸ਼ਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ, ਚਿਰੰਜੀਵੀ, ਅਕਸ਼ੈ ਕੁਮਾਰ, ਕਰਨ ਜੌਹਰ, ਮੋਹਨ ਲਾਲ, ਹੇਮਾ ਮਾਲਿਨੀ ਤੋਂ ਲੈ ਕੇ ਨਾਗਾਰਜੁਨ ਤੱਕ, ਮਨੋਰੰਜਨ ਜਗਤ ਦੇ ਪ੍ਰਸਿੱਧ ਸਿਤਾਰੇ ਵੀ ਸ਼ਾਮਲ ਹੋਏ ਅਤੇ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ। ਚਾਰ ਦਿਨਾਂ ਸੰਮੇਲਨ ਦੇ ਤੀਜੇ ਅਤੇ ਚੌਥੇ ਦਿਨ, ਯਾਨੀ 3 ਮਈ ਅਤੇ 4 ਮਈ ਨੂੰ ਕਈ ਦਿਲਚਸਪ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਦੂਜੇ ਦਿਨ ਖੇਡਾਂ ਅਤੇ ਈ-ਖੇਡਾਂ ਦੇ ਭਵਿੱਖ ਬਾਰੇ ਦੋ ਮਹੱਤਵਪੂਰਨ ਚਰਚਾਵਾਂ ਹੋਈਆਂ। ਸੰਮੇਲਨ ਦੇ ਦੂਜੇ ਦਿਨ ਬਹੁਤ ਸਾਰੇ ਨੌਜਵਾਨ ਕੰਟੇਂਟ ਕ੍ਰਿਏਟਰਾਂ ਨੂੰ 90 ਤੋਂ ਵੱਧ ਦੇਸ਼ਾਂ ਦੇ ਲੋਕਾਂ ਦੇ ਸਾਹਮਣੇ ਪੁਰਸਕਾਰ ਦਿੱਤੇ ਗਏ। 

ਦੂਜੇ ਦਿਨ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਤੇ ਰੇਲ ਮੰਤਰੀ ਵੀ ਹੋਏ ਸ਼ਾਮਲ

ਦੂਜੇ ਦਿਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਸ਼ਾਮਲ ਹੋਏ। ਦੋਵਾਂ ਕੇਂਦਰੀ ਮੰਤਰੀਆਂ ਨੇ ਦੇਸ਼ ਦੇ ਪਹਿਲੇ ਵੇਵਜ਼ ਸੈਮੀਨਾਰ ਨੂੰ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤੀ ਸਿਨੇਮਾ ਦੁਨੀਆ ਭਰ ਵਿੱਚ ਮਸ਼ਹੂਰ ਹੋਵੇਗਾ। ਇਸ ਮੌਕੇ ਯੂਟਿਊਬ ਦੇ ਸੀਈਓ ਨੀਲ ਮੋਹਨ ਨੇ ਵੀ ਸੰਮੇਲਨ ’ਚ ਹਿੱਸਾ ਲਿਆ। ਰਿਲਾਇੰਸ ਫ਼ਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਵੀ ਵੇਵਜ਼ ਸੈਮੀਨਾਰ ਵਿੱਚ ਸ਼ਿਰਕਤ ਕੀਤੀ।

ਵੇਵਜ਼ ਸੰਮੇਲਨ ’ਤੇ ਅੱਲੂ ਅਰਜੁਨ 

ਟਾਲੀਵੁੱਡ ਅਦਾਕਾਰ ਅੱਲੂ ਅਰਜੁਨ ਨੇ ਵੇਵਜ਼ ਸਮਿਟ 2025 ’ਤੇ ਆਪਣੀ ਰਾਏ ਸਾਂਝੀ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮਿਟ ਭਾਰਤ ਲਈ ਰਚਨਾਤਮਕ ਸਮੱਗਰੀ ਵਿੱਚ ਦੁਨੀਆ ਦੀ ਅਗਵਾਈ ਕਰਨ ਲਈ ਇੱਕ ਲਾਂਚਿੰਗ ਪੈਡ ਵਜੋਂ ਕੰਮ ਕਰੇਗਾ।

ਮਨੋਰੰਜਨ ਉਦਯੋਗ ਦੇ ਵਿਕਾਸ ਲਈ ਨਿਵੇਸ਼ ਦੀ ਸਖ਼ਤ ਲੋੜ : ਆਮਿਰ ਖ਼ਾਨ

ਆਮਿਰ ਖ਼ਾਨ ਨੇ ਇੱਥੇ ਪਹਿਲੇ ਵਿਸ਼ਵ ਆਡੀਓ-ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਦੇ ਦੂਜੇ ਦਿਨ ‘ਸਟੂਡੀਓਜ਼ ਆਫ਼ ਦ ਫਿਊਚਰ: ਇੰਡੀਆ ਆਨ ਦ ਵਰਲਡ ਸਟੂਡੀਓ ਮੈਪ’ ਸਿਰਲੇਖ ਵਾਲੇ ਸੈਸ਼ਨ ਵਿੱਚ ਹਿੱਸਾ ਲਿਆ। ਆਮਿਰ ਨੇ ਕਿਹਾ ਕਿ ਮਨੋਰੰਜਨ ਉਦਯੋਗ ਦੇ ਵਿਕਾਸ ਨੂੰ ਵਧਾਉਣ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ, ਭਾਰਤ ਵਿੱਚ ਹੋਰ ਥੀਏਟਰਾਂ ਦੀ ਲੋੜ ਹੈ। ਦੇਸ਼ ਵਿੱਚ ਅਜਿਹੇ ਜ਼ਿਲ੍ਹੇ ਹਨ ਜਿੱਥੇ ਇੱਕ ਵੀ ਥੀਏਟਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਲਾਕਬਸਟਰ ਫ਼ਿਲਮਾਂ ਵੀ, ਭਾਰਤੀਆਂ ਦਾ ਬਹੁਤ ਘੱਟ ਹਿੱਸਾ ਹੀ ਉਨ੍ਹਾਂ ਨੂੰ ਸਿਨੇਮਾਘਰਾਂ ਵਿੱਚ ਦੇਖ ਸਕਦਾ ਹੈ। ਸਿਰਫ਼ ਦੋ ਪ੍ਰਤੀਸ਼ਤ ਆਬਾਦੀ ਹੀ ਸਿਨੇਮਾਘਰਾਂ ਵਿੱਚ ਸਾਡੀਆਂ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ਦੇਖਦੀ ਹੈ। ਬਾਕੀ 98 ਪ੍ਰਤੀਸ਼ਤ ਲੋਕ ਫ਼ਿਲਮਾਂ ਕਿੱਥੇ ਦੇਖਦੇ ਹਨ?

ਅਗਲੇ ਦਹਾਕੇ ’ਚ 100 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ ਮਨੋਰੰਜਨ ਉਦਯੋਗ : ਅੰਬਾਨੀ

ਵੇਵਜ਼ ਦੇ ਪਹਿਲੇ ਦਿਨ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਦਾ ਬਹੁ-ਪੱਖੀ ਮੀਡੀਆ ਅਤੇ ਮਨੋਰੰਜਨ ਉਦਯੋਗ ਅਗਲੇ ਦਹਾਕੇ ’ਚ ਤਿੰਨ ਗੁਣਾ ਤੋਂ ਵੱਧ ਕੇ 100 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਵਿਕਾਸ ਨਾਲ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸਦਾ ਵਿਆਪਕ ਪ੍ਰਭਾਵ ਪਵੇਗਾ।

ਹੁਣ ਤਕ ਵੇਵਜ਼ ਬਾਜ਼ਾਰ 2025 ’ਚ 250 ਕਰੋੜ ਰੁਪਏ ਤੋਂ ਵੱਧ ਦਾ ਹੋ ਚੁੱਕਾ ਕਾਰੋਬਾਰ 

ਵੇਵਜ਼ ਸਮਿਟ ਦੀ ਇੱਕ ਮਹੱਤਵਾਕਾਂਸ਼ੀ ਪਹਿਲ, ਵੇਵਜ਼ ਬਾਜ਼ਾਰ, ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਉਭਰਿਆ ਹੈ। ਵੱਖ-ਵੱਖ ਦੇਸ਼ਾਂ ਦੇ ਕ੍ਰਿਏਟਰਾਂ ਨੂੰ ਨਿਵੇਸ਼ਕਾਂ ਅਤੇ ਖ਼੍ਰੀਦਦਾਰਾਂ ਨਾਲ ਜੋੜ ਕੇ ਉਨ੍ਹਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਇਹ ਪਹਿਲ ਭਾਰਤ ਨੂੰ ਕੰਟੈਂਟ ਵਪਾਰੀਕਰਨ ਲਈ ਇੱਕ ਰਣਨੀਤਕ ਕੇਂਦਰ ਬਣਾਉਣ ਲਈ ਤਿਆਰ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਸੰਜੇ ਜਾਜੂ ਨੇ ਅੱਜ ਮੁੰਬਈ ਦੇ ਵੇਵਜ਼ ਵਿਖੇ ਕਿਹਾ ਕਿ ਵੇਵਜ਼ ਬਾਜ਼ਾਰ 2025 ’ਚ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਚੁੱਕਾ ਹੈ, ਜੋ ਕਿ ਇੱਕ ਵੱਡੇ ਅੰਤਰਰਾਸ਼ਟਰੀ ਸਹਿਯੋਗ ਦੀ ਸ਼ੁਰੂਆਤ ਹੈ। ਵੇਵਜ਼ ਮਾਰਕੀਟ ਨੇ ਆਪਣੇ ਪਹਿਲੇ ਸੈਸ਼ਨ ਵਿੱਚ ਦੱਖਣੀ ਕੋਰੀਆ, ਜਾਪਾਨ, ਅਮਰੀਕਾ, ਜਰਮਨੀ, ਰੂਸ, ਨੀਦਰਲੈਂਡ ਅਤੇ ਨਿਊਜ਼ੀਲੈਂਡ ਸਮੇਤ 22 ਤੋਂ ਵੱਧ ਦੇਸ਼ਾਂ ਦੇ ਮੋਹਰੀ ਪੇਸ਼ੇਵਰਾਂ ਨੂੰ ਇਕੱਠਾ ਕੀਤਾ, ਜਿਸ ਵਿੱਚ 95 ਗਲੋਬਲ ਖ਼੍ਰੀਦਦਾਰ ਅਤੇ 224 ਵਿਕਰੇਤਾ ਸ਼ਾਮਲ ਸਨ। ਮੁੱਖ ਖ਼੍ਰੀਦਦਾਰਾਂ ਵਿੱਚ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਵੀਡੀਓ, ਮੈਟਾ, ਡਿਜ਼ਨੀ ਸਟਾਰ, ਜ਼ੀ ਐਂਟਰਟੇਨਮੈਂਟ, ਬਨਿਜਯ ਏਸ਼ੀਆ, ਵਾਰਨਰ ਬ੍ਰਦਰਜ਼, ਡਿਸਕਵਰੀ, ਸੋਨੀ ਲਿਵ, ਵਾਈਆਰਐਫ, ਧਰਮਾ, ਜੀਓ ਸਟੂਡੀਓਜ਼, ਰੋਟਰਡਮ ਫਿਲਮ ਫੈਸਟੀਵਲ ਅਤੇ ਰਸ਼ਲਕ ਮੀਡੀਆ ਸ਼ਾਮਲ ਸਨ।