ਆਈਲੈਟਸ ਨੇ ਜਾਤ-ਪਾਤ ਦੇ ਬੰਧਨ ਕੀਤੇ ਫ਼ੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਰਾਣੀ ਰਵਾਇਤ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਅਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ।

Ilets banned caste system

ਪੁਰਾਣੀ ਰਵਾਇਤ ਮੁਤਾਬਕ ਪੰਜਾਬ ਦੇ ਹਿੰਦੂ-ਸਿੱਖ ਅਪਣੀ ਜਾਤ ਦੇ ਅੰਦਰ ਪਰ ਗੋਤ ਤੋਂ ਬਾਹਰ ਵਿਆਹ ਕਰਦੇ ਹਨ। ਇਸ ਬਾਰੇ ਕਈ ਲੋਕ ਇਹ ਦਲੀਲ ਦਿੰਦੇ ਸਨ ਕਿ ਇਹ ਪ੍ਰਕਿਰਿਆ ਵਿਗਿਆਨਕ ਹੈ ਤੇ ਸਮਾਜਕ ਵੀ ਪਰ ਆਧੁਨਿਕ ਸਮਾਜ ਵਿਚ ਪੈਸੇ ਅਤੇ ਸ਼ੁਹਰਤ ਲਈ ਆਮ ਲੋਕਾਂ ਵਿਚ ਇਹ ਧਾਰਨਾ ਘਰ ਕਰ ਗਈ ਹੈ ਕਿ ਵਹੁਟੀ ਪੈਸੇ ਕਮਾਉਣ ਵਾਲੀ ਹੋਣੀ ਚਾਹੀਦੀ ਹੈ, ਜਾਤ ਨੂੰ ਮਾਰੋ ਗੋਲੀ।

ਇਸ ਤੋਂ ਇਲਾਵਾ ਮਾਪਿਆਂ ਅਤੇ ਨਾਨਕਿਆਂ ਦੇ ਗੋਤਾਂ ਵਿਚ ਵਿਆਹ ਨਹੀਂ ਕੀਤਾ ਜਾਂਦਾ। ਅਖ਼ਬਾਰਾਂ ਵਿਚ ਛਪ ਰਹੇ ਇਸ਼ਤਿਹਾਰਾਂ ਮੁਤਾਬਕ ਇਹ ਸਾਰੇ ਰਵਾਇਤੀ ਬੰਧੇਜ਼ ਘੱਟੋ-ਘੱਟ ਆਈਲੈਟਸ ਦੇ ਹਵਾਲੇ ਨਾਲ ਦਰਕਿਨਾਰ ਕਰ ਦਿਤੇ ਗਏ ਹਨ। ਅੱਜਕਲ ਜਦੋਂ ਵਿਆਹਾਂ ਦੇ ਇਸ਼ਤਿਹਾਰ ਪੜ੍ਹ ਦੇ ਹਾਂ ਤਾਂ 75 ਫ਼ੀ ਸਦੀ ਇਸ਼ਤਿਹਾਰ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਨ੍ਹਾਂ ਵਿਚ ਮੁੰਡੇ ਵਾਲਿਆਂ ਵਲੋਂ 'ਆਈਲੈਟਸ' ਦੀ ਧਾਰਨਾ ਲਿਖੀ ਹੁੰਦੀ ਹੈ।

ਆਈਲੈਟਸ ਅੰਗਰੇਜ਼ੀ ਦਾ ਇਮਤਿਹਾਨ ਹੈ ਜੋ ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸਮੇਤ ਕਈ ਮੁਲਕਾਂ ਦਾ ਵਿਦਿਆਰਥੀ ਵੀਜ਼ਾ ਹਾਸਲ ਕਰਨ ਦੀ ਅਹਿਮ ਸ਼ਰਤ ਹੈ। ਵਿਦਿਆਰਥੀ ਵੀਜ਼ੇ ਨਾਲ ਜੀਵਨ ਸਾਥੀ ਮੁੰਡਾ ਜਾਂ ਕੁੜੀ) ਨੂੰ ਵੀ ਵੀਜ਼ਾ ਲੱਗ ਜਾਂਦਾ ਹੈ। ਇਸੇ ਲਈ ਆਈਲੈਟਸ ਵਿਆਹ ਦੀ ਅਹਿਮ ਸ਼ਰਤ ਬਣ ਗਿਆ ਹੈ ਅਤੇ ਇਸ ਨੇ ਕਈ ਰਵਾਇਤੀ ਧਾਰਨਾਵਾਂ ਬਦਲ ਦਿਤੀਆਂ ਹਨ। ਆਈਲੈਟਸ ਨੇ ਮੁੰਡੇ ਵਾਲਿਆਂ ਦੀ ਧੌਂਸ ਖ਼ਤਮ ਕਰ ਦਿਤੀ ਹੈ ਕਿਉਂਕਿ ਆਈਲੈਟਸ ਪਾਸ ਕੁੜੀ ਲਈ ਮੁੰਡੇ ਵਾਲੇ ਕੁੱਝ ਵੀ ਕਰਨ ਨੂੰ ਤਿਆਰ ਹੁੰਦੇ ਹਨ।

ਆਈਲੈਟਸ ਦੀ ਯੋਗਤਾ ਦੇ ਅਹਿਮ ਹੋ ਜਾਣ ਨਾਲ ਵਿਆਹ ਦੇ ਇਸ਼ਤਿਹਾਰਾਂ ਵਿਚੋਂ ਜਾਤ ਦਾ ਜ਼ਿਕਰ ਘਟ ਗਿਆ ਹੈ ਅਤੇ 'ਜਾਤੀ ਬੰਧਨ ਨਹੀਂ' ਦੀ ਛੋਟ ਦਰਜ ਹੋਣ ਲੱਗੀ ਹੈ।  ਇਨ੍ਹਾਂ ਇਸ਼ਤਿਹਾਰਾਂ ਤੋਂ ਸਾਫ਼ ਹੈ ਕਿ ਵਿਦੇਸ਼ ਜਾਣ ਲਈ ਆਈਲੈਟਸ ਰਾਹ ਪੱਧਰਾ ਕਰਦਾ ਹੈ ਤਾਂ ਅਪਣੇ ਸੁਫ਼ਨਿਆਂ ਦੇ ਰਾਹ ਵਿਚ ਪੰਜਾਬੀ ਸਮਾਜ ਜਾਤ ਨੂੰ ਰੋੜਾ ਨਹੀਂ ਬਣਨ ਦਿੰਦਾ।