ਆਸਾਮ 'ਚ ਜ਼ਮੀਨ ਖਿਸਕਣ ਨਾਲ 19 ਜਣਿਆਂ ਦੀ ਮੌਤ
ਆਸਾਮ ਦੀ ਬਰਾਕ ਵਾਦੀ ਸਥਿਤੀ ਹੈਲਾਕਾਂਡੀ, ਕਰੀਮਗੰਜ ਅਤੇ ਸਿਲਚਰ ਜ਼ਿਲ੍ਹਿਆਂ 'ਚ ਮੰਗਲਵਾਰ ਨੂੰ ਭਾਰੀ ਮੀਂਹ ਕਰ
ਗੁਹਾਟੀ/ਕਰੀਮਗੰਜ/ਸਿਲਚਰ, 2 ਜੂਨ: ਆਸਾਮ ਦੀ ਬਰਾਕ ਵਾਦੀ ਸਥਿਤੀ ਹੈਲਾਕਾਂਡੀ, ਕਰੀਮਗੰਜ ਅਤੇ ਸਿਲਚਰ ਜ਼ਿਲ੍ਹਿਆਂ 'ਚ ਮੰਗਲਵਾਰ ਨੂੰ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦਸਿਆ ਕਿ ਦੋ ਬੱਚਿਆਂ ਅਤੇ ਇਕ ਔਰਤ ਸਮੇਤ ਸੱਤ ਜਣਿਆਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਬੋਲੋਬਾ ਬਾਜ਼ਾਰ ਨੇੜੇ ਮੋਹਨਪੁਰ 'ਚ ਜ਼ਮੀਨ ਖਿਸਕਣ ਕਰ ਕੇ ਮਲਾਬਾ ਟਿਨ ਦੇ ਬਣੇ ਉਨ੍ਹਾਂ ਦੇ ਮਕਾਨ 'ਤੇ ਆ ਡਿੱਗਾ। ਇਹ ਘਟਨਾ ਮੰਗਲਵਾਰ ਸਵੇਰੇ ਛੇ ਵਜੇ ਵਾਪਰੀ ਅਤੇ ਹਾਦਸੇ 'ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹੈਲਾਕਾਂਡੀ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਉਨ੍ਹਾਂ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗੁਆਂਢੀ ਕਰੀਮਗੰਜ ਜ਼ਿਲ੍ਹੇ ਦੇ ਪੁਲਿਸ ਸੂਪਰਡੈਂਟ ਸੰਜੀਤ ਕ੍ਰਿਸ਼ਣਾ ਨੇ ਦਸਿਆ ਕਿ ਜ਼ਿਲ੍ਹੇ ਦੇ ਕਰੀਮਪੁਰ 'ਚ ਮੰਗਲਵਾਰ ਨੂੰ ਤੜਕੇ 3:30 ਵਜੇ ਜ਼ਮੀਨ ਖਿਸਕਣ ਦੀ ਇਕ ਹੋਰ ਘਟਨਾ 'ਚ ਇਕ ਹੀ ਪ੍ਰਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਔਰਤ ਅਤੇ ਤਿੰਨ ਬੱਚੇ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਛਾਰ ਜ਼ਿਲ੍ਹੇ ਦੇ ਜੈਪੁਰ ਇਲਾਕੇ 'ਚ ਸਥਿਤ ਕੋਲਾਪੁਰ ਪਿੰਡ ਦੇ ਜ਼ਮੀਨ ਖਿਸਕਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਸੂਬੇ ਦੇ ਐਸ.ਡੀ.ਆਰ.ਐਫ਼. ਦੇ ਅਧਿਕਾਰੀਆਂ ਨੂੰ ਤਿੰਨੇ ਥਾਵਾਂ 'ਤੇ ਭੇਜਿਆ ਗਿਆ ਹੈ। ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਜ਼ਮੀਨ ਖਿਸਕਣ ਲੋਕਾਂ ਦੀ ਮੌਤ 'ਤੇ ਪ੍ਰਤੀ ਦੁੱਖ ਪ੍ਰਗਟਾਇਆ ਹੈ। (ਪੀਟੀਆਈ)