ਤੀਰਥ ਸਿੰਘ ਖ਼ਾਲਿਸਤਾਨੀ ਖਾੜਕੂ ਹੈ ਜਾਂ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਤਾ ਨੇ ਦਾਅਵਾ ਕੀਤਾ : ਉਹ ਰਿਕਸ਼ਾ ਚਲਾ ਕੇ ਤੇ ਉਸ ਦਾ ਪੁੱਤਰ ਦੁਕਾਨ 'ਤੇ ਕੰਮ ਕਰ ਕੇ ਕਰਦੇ ਹਨ ਘਰ ਦਾ ਗੁਜ਼ਾਰਾ

Tirath Singh

ਐਸ.ਏ.ਐਸ ਨਗਰ:  ਬੀਤੇ ਦਿਨੀ ਮੇਰਠ ਵਿਚ ਖ਼ਾਲਿਸਤਾਨ ਮੂਵਮੈਂਟ ਨਾਲ ਜੁੜੇ ਖਾੜਕੂ ਤੀਰਥ ਸਿੰਘ ਨੂੰ ਯੂ.ਪੀ. ਏ.ਟੀ.ਐਸ ਅ²ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਥਾਪਰ ਨਗਰ ਗੁਰਦਵਾਰੇ ਨੇੜੇ ਸਥਿਤ ਖ਼ਾਲਸਾ ਸਕੂਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੇਰਠ ਪੁਲਿਸ ਦੇ ਐਸ.ਪੀ. ਸਿਟੀ ਡਾ. ਅਖਿਲੇਸ਼ ਨਾਰਾਇਣ ਸਿੰਘ ਨੇ ਦਸਿਆ ਕਿ ਤੀਰਥ ਸਿੰਘ ਪੁੱਤਰ ਅਜੀਤ ਸਿੰਘ ਮੂਲ ਰੂਪ 'ਚ ਕਿਸ਼ਨਪੁਰ ਹਸਤਿਨਾਪੁਰ ਦਾ ਵਾਸੀ ਅਤੇ ਕਾਫ਼ੀ ਸਮੇਂ ਤੋਂ ਥਾਪਰ ਨਗਰ ਵਿਚ ਰਹਿ ਰਿਹਾ ਸੀ, ਉਹ ਕਰੀਬ ਚਾਰ ਸਾਲ ਤੋਂ ਖਾਲਿਸਤਾਨ ਸਮਰਥਕਾਂ ਨਾਲ ਜੁੜਿਆ ਹੋਇਆ ਹੈ।

ਏ.ਟੀ.ਐਸ ਅਧਿਕਾਰੀਆਂ ਮੁਤਾਬਕ ਤੀਰਥ ਸਿੰਘ ਵਿਰੁਧ ਮੁਹਾਲੀ (ਪੰਜਾਬ) ਵਿਚ ਸਟੇਟ ਆਪਰੇਸ਼ਨ ਸੈੱਲ ਨੇ ਮੁਕੱਦਮਾ ਵੀ ਦਰਜ ਕੀਤਾ ਸੀ ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਲਈ ਲੋੜੀਦਾ ਹੋ ਗਿਆ ਸੀ। ਐਸ.ਪੀ. ਸਿਟੀ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਡੀਸੀਪੀ ਰਾਕੇਸ਼ ਯਾਦਵ, ਸਪੈਸ਼ਲ ਆਪਰੇਸ਼ਨ ਸੈੱਲ ਸਾਹਿਬ ਅਜੀਤ ਸਿੰਘ ਗ੍ਰਿਫ਼ਤਾਰੀ ਦੇ ਸਮੇਂ ਟੀਮ ਦੇ ਨਾਲ ਆਏ ਸਨ। ਗ੍ਰਿਫ਼ਤਾਰੀ ਦੌਰਾਨ ਤੀਰਥ ਸਿੰਘ ਕੋਲੋਂ ਭਿੰਡਰਾਂਵਾਲਾ ਦੇ ਪੋਸਟਰ ਵੀ ਬਰਾਮਦ ਹੋਏ ਹਨ। ਏਟੀਐਸ ਅਧਿਕਾਰੀਆਂ ਮੁਤਾਬਕ ਤੀਰਥ ਸਿੰਘ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐਲਐਫ਼) ਦਾ ਕਾਰਜਸ਼ੀਲ ਮੈਂਬਰ ਹੈ।

ਪੁਛਗਿੱਛ ਦੌਰਾਨ ਤੀਰਥ ਸਿੰਘ ਨੇ ਦਸਿਆ ਕਿ ਫੇਸਬੁਕ ਮੈਸੈਂਜਰ ਰਾਹੀਂ ਉਸ ਦੀ ਗੱਲ ਯੂ.ਕੇ. ਵਿਚ ਰਹਿਣ ਵਾਲੇ ਗੁਰਸ਼ਰਨਬੀਰ ਸਿੰਘ ਨਾਲ ਹੋਈ ਸੀ। ਖ਼ਾਲਿਸਤਾਨ ਸਮਰਥਕ ਵਜੋਂ ਤੀਰਥ ਸਿੰਘ ਤੋਂ ਕਰਵਾਇਆ ਜਾ ਰਿਹਾ ਸੀ। ਇਸ ਦੇ ਬਦਲੇ ਉਸ ਦੇ ਅਕਾਊਂਟ ਵਿਚ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਦਸਿਆ ਗਿਆ ਹੈ। ਬੀਤੇ ਐਤਵਾਰ ਨੂੰ ਤੀਰਥ ਸਿੰਘ ਨੂੰ ਪੰਜਾਬ ਦੇ ਸਪੈਸ਼ਲ ਸੈੱਲ ਨੇ ਮੁਹਾਲੀ ਸਥਿਤ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ।

ਜ਼ਿਕਰਯੋਗ ਹੈ ਕਿ ਚਾਰ ਦਿਨਾਂ ਰਿਮਾਂਡ ਦੌਰਾਨ ਏਟੀਐਸ ਤੇ ਪੰਜਾਬ ਪੁਲਿਸ ਤੀਰਥ ਸਿੰਘ ਨੂੰ ਮੇਰਠ ਵੀ ਲਿਆ ਸਕਦੀ ਹੈ। ਏਟੀਐਸ ਅਨੁਸਾਰ 10ਵੀਂ ਤਕ ਪੜ੍ਹਿਆ ਤੀਰਥ ਸੋਤੀਗੰਜ ਸਥਿਤ ਇਕ ਆਟੋਮੋਬਾਈਲ ਸ਼ਾਪ 'ਤੇ ਚਾਰ ਸਾਲ ਤੋਂ ਨੌਕਰੀ ਕਰਦਾ ਸੀ। ਪਿਤਾ ਅਸ਼ੋਕ ਕੁਮਾਰ ਰਿਕਸ਼ਾ ਚਾਲਕ ਹੈ ਜਦਕਿ ਤੀਰਥ ਸਿੰਘ ਦਾ ਭਰਾ ਗੁਰਮੁਖ ਸਿੰਘ ਗੁਰਦਵਾਰੇ ਵਿਚ ਸੇਵਾ ਕਰਦਾ ਹੈ। ਉਸ ਦੀਆਂ ਪੰਜ ਭੈਣਾਂ ਹਨ। ਤੀਰਥ ਸਿੰਘ ਭੈਣ-ਭਰਾਵਾਂ ਵਿਚ ਸੱਭ ਤੋਂ ਵੱਡਾ ਹੈ।

ਦੂਜੇ ਪਾਸੇ ਇਸ ਸਬੰਧੀ ਜਦੋਂ ਤੀਰਥ ਸਿੰਘ ਦੇ ਪਿਤਾ ਅਜੀਤ ਸਿੰਘ ਤੋਂ ਪੁਛਗਿੱਛ ਕੀਤੀ ਗਈ ਤਾਂ ਉੁਨ੍ਹਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਬਿਲਕੁਲ ਬੇਕਸੂਰ ਹੈ। ਉਹ ਖ਼ੁਦ ਰਿਕਸ਼ਾ ਚਲਾ ਕੇ ਅਪਣੇ ਘਰ ਦਾ ਗੁਜਾਰਾ ਕਰਦੇ ਹਨ ਅਤੇ ਉੁਨ੍ਹਾਂ ਦਾ ਪੁੱਤਰ ਵੀ ਦੁਕਾਨ ਵਿਚ ਕੰਮ ਕਰ ਕੇ ਉਸ ਦੀ ਮਦਦ ਕਰਦਾ ਹੈ। ਪਿਤਾ ਨੇ ਦਸਿਆ ਕਿ ਉਹ ਪੰਜਾਬ ਵੀ ਗੁਰਦਵਾਰੇ ਵਿਚ ਮੱਥਾ ਟੇਕਣ ਜਾਣ ਬਾਰੇ ਕਹਿ ਕੇ ਜਾਂਦਾ ਸੀ, ਪਰ ਉਸ ਦਾ ਅਜਿਹੀਆਂ ਕਿਸੇ ਵੀ ਗਤੀਵਿਧੀਆਂ ਵਿਚ ਕੋਈ ਹੱਥ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।