ਯਕੀਨੀ ਤੌਰ 'ਤੇ ਅਸੀਂ ਅਪਣਾ ਵਿਕਾਸ ਫਿਰ ਹਾਸਲ ਕਰਾਂਗੇ : ਮੋਦੀ
ਸਾਰੀਆਂ ਏਜੰਸੀਆਂ ਵਲੋਂ ਚਾਲੂ ਵਿਤੀ ਵਰ੍ਹੇ ਦੌਰਾਨ ਅਰਥਚਾਰੇ 'ਚ ਵੱਡੀ ਗਿਰਾਵਟ ਦੇ ਅੰਦਾਜ਼ੇ ਪ੍ਰਗਟਾਏ ਜਾਣ ਦੇ ਉਲਟ ਪ੍ਰਧਾਨ ਮੰਤਰੀ
ਨਵੀਂ ਦਿੱਲੀ, 2 ਜੂਨ: ਸਾਰੀਆਂ ਏਜੰਸੀਆਂ ਵਲੋਂ ਚਾਲੂ ਵਿਤੀ ਵਰ੍ਹੇ ਦੌਰਾਨ ਅਰਥਚਾਰੇ 'ਚ ਵੱਡੀ ਗਿਰਾਵਟ ਦੇ ਅੰਦਾਜ਼ੇ ਪ੍ਰਗਟਾਏ ਜਾਣ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੀ ਸਮਰਥਾ, ਸੰਕਟ ਪ੍ਰਬੰਧਨ, ਹੁਨਰ, ਕਿਸਾਨਾਂ ਅਤੇ ਉਦਯੋਗਪਤੀਆਂ 'ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਅਪਣੇ ਆਰਥਕ ਵਿਕਾਸ ਨੂੰ ਫਿਰ ਹਾਸਲ ਕਰ ਲਵੇਗਾ।
ਮੋਦੀ ਨੇ ਇਥੇ ਦੇਸ਼ ਦੇ ਪ੍ਰਮੁੱਖ ਉਦਯੋਗ ਮੰਡਲ ਭਾਰਤੀ ਉਦਯੋਗ ਸੰਘ ਦੇ 125ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸੁਧਾਰਾਂ ਦੀ ਗਤੀ ਵਧਾਉਣ ਅਤੇ ਖੇਤੀਬਾੜੀ ਖੇਤਰ ਨੂੰ ਪੁਰਾਣੇ ਕਾਨੂੰਨਾਂ ਦੀਆਂ ਬੰਦਿਸ਼ਾਂ ਤੋਂ ਮੁਕਤ ਕਰ ਕੇ ਖੋਲ੍ਹਣ ਦੀ ਦਿਸ਼ਾ 'ਚ ਵਧਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਜਾ ਰਹੇ ਸੁਧਾਰਵਾਦੀ ਕਦਮਾਂ ਦਾ ਅਰਥਚਾਰੇ ਨੂੰ ਲੰਮੇ ਸਮੇਂ 'ਚ ਲਾਭ ਹੋਵੇਗਾ।
ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁਧ ਅਰਥਚਾਰੇ ਨੂੰ ਫਿਰ ਮਜ਼ਬੂਤ ਕਰਨਾ ਸਰਕਾਰ ਦੀ ਸਰਬਉੱਚਾ ਪਹਿਲਾਂ 'ਚੋਂ ਇਕ ਹੈ। ਸਰਕਾਰ ਜੋ ਫ਼ੈਸਲੇ ਤੁਰਤ ਲਏ ਜਾਣੇ ਹਲ ਉਹ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਅਜਿਹੇ ਵੀ ਫ਼ੈਸਲਾ ਕੀਤੇ ਗਏ ਹਨ ਜੋ ਕਿ ਲੰਮੇਂ ਸਮੇਂ 'ਚ ਦੇਸ਼ ਦੀ ਮਦਦ ਕਰਨਗੇ। ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦਾ ਜ਼ਿਕਰ ਕਰਦਿਆਂ ਸੰਰਚਨਾਤਮਕ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਨਾਲ ਹੀ ਖੇਤੀਬਾੜੀ ਖੇਤਰ 'ਚ ਸੁਧਾਰਾਂ ਬਾਰੇ ਵੀ ਦਸਿਆ।
ਉਨ੍ਹਾਂ ਕਿਹਾ ਕਿ ਕਈ ਖੇਤਰ ਜੋ ਹੁਣ ਤਕ ਬੰਦ ਸਨ ਉਨ੍ਹਾਂ ਨੂੰ ਨਿਜੀ ਖੇਤਰ ਲਈ ਖੋਲ੍ਹਿਆ ਗਿਆ ਹੈ। ਇਨ੍ਹਾਂ ਸੁਧਾਰਾਂ ਨਾਲ ਆਉਣ ਵਾਲੇ ਸਮੇਂ 'ਚ ਆਰਥਕ ਵਿਕਾਸ ਦੀ ਗਤੀ ਵਧਾਉਣ 'ਚ ਮਦਦ ਮਿਲੇਗੀ।
ਵੀਡੀਉ ਕਾਨਫ਼ਰੰਸ ਜ਼ਰੀਏ ਕਰਵਾਏ ਸੰਮੇਲਨ ਨਾਲ ਜੁੜੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਸਾਥੀਉ, ਕੋਰੋਨਾ ਨੇ ਸਾਡੀ ਚਾਲ ਜਿੰਨੀ ਵੀ ਹੌਲੀ ਕੀਤੀ ਹੋਵੇ, ਪਰ ਅੱਜ ਦਸ਼ ਦੀ ਸੱਭ ਤੋਂ ਵੱਡੀ ਸੱਚਾਈ ਇਹੀ ਹੈ ਕਿ ਭਾਰਤ, ਤਾਲਾਬੰਦੀ ਨੂੰ ਪਿੱਛੇ ਛੱਡ ਕੇ ਅਨਲਾਕ- ਪਹਿਲੇ ਗੇੜ 'ਚ ਦਾਖ਼ਲ ਹੋ ਚੁੱਕਾ ਹੈ। ਇਸ ਗੇੜ 'ਚ ਅਰਥਚਾਰੇ ਦਾ ਬਹੁਤ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ।
ਕਾਫ਼ੀ ਹਿੱਸਾ ਅਜੇ 8 ਜੂਨ ਤੋਂ ਬਾਅਦ ਹੋਰ ਖੁੱਲ੍ਹਣ ਜਾ ਰਿਹਾ ਹੈ। ਇਕ ਦਿਨ ਪਹਿਲਾਂ ਹੀ ਪ੍ਰਮੁੱਖ ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਕੌਮੀ ਰੇਟਿੰਗ ਨੂੰ 'ਬੀ.ਏ.ਏ.2' ਤੋਂ ਇਕ ਪੌੜੀ ਹੇਠਾਂ ਕਰ ਕੇ 'ਬੀ.ਏ.ਏ.3' 'ਤੇ ਲਿਆ ਦਿਤਾ ਹੈ। ਮੂਡੀਜ਼ ਨੇ ਭਾਰਤ ਦੀ ਵਿੱਤੀ ਸਥਿਤੀ ਵਿਗੜਨ ਅਤੇ ਆਰਥਕ ਮੰਦੀ ਲੰਮੀ ਖਿੱਚਣ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਫਿਰ ਤੇਜ਼ ਵਿਕਾਸ ਦੇ ਰਾਹ 'ਤੇ ਲਿਆਉਣ ਲਈ ਆਤਮਨਿਰਭਰ ਭਾਰਤ ਬਣਾਉਣ ਲਈ 5 ਚੀਜ਼ਾਂ ਬਹੁਤ ਜ਼ਰੂਰੀ ਹੈ। (ਪੀਟੀਆਈ)