10 ਦਲਿਤਾਂ ਦੇ ਕਤਲ ਦਾ ਮਾਮਲਾ : 42 ਸਾਲਾਂ ਬਾਅਦ 90 ਵਰ੍ਹਿਆਂ ਦੇ ਬਜ਼ੁਰਗ ਨੂੰ ਉਮਰ ਕੈਦ
10 ਮੁਲਜ਼ਮਾਂ ’ਚੋਂ 9 ਦੀ ਸੁਣਵਾਈ ਦੌਰਾਨ ਹੋਈ ਮੌਤ
ਫ਼ਿਰੋਜ਼ਾਬਾਦ: ਫ਼ਿਰੋਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਨੇ 42 ਸਾਲ ਪੁਰਾਣੇ 10 ਦਲਿਤਾਂ ਦੇ ਕਤਲ ਕੇਸ ਦੇ ਇਕ ਮਾਮਲੇ ’ਚ 90 ਵਰ੍ਹਿਆਂ ਦੇ ਇਕ ਬਜ਼ੁਰਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜ਼ਿਲ੍ਹਾ ਸਰਕਾਰੀ ਵਕੀਲ ਨੇ ਸਨਿਚਰਵਾਰ ਨੂੰ ਦਸਿਆ ਕਿ ਅਦਾਲਤ ਨੇ ਦੋਸ਼ੀ ਗੰਗਾ ਦਿਆਲ ’ਤੇ 55,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਹ ਮਾਮਲਾ 1981 ’ਚ ਜ਼ਿਲ੍ਹਾ ਮੈਨਪੁਰੀ ਦੇ ਥਾਣਾ ਸ਼ਿਕੋਹਾਬਾਦ ਹੇਠ ਵਾਪਰਿਆ ਸੀ ਜੋ ਹੁਣ ਫ਼ਿਰੋਜ਼ਾਬਾਦ ਜ਼ਿਲ੍ਹੇ ਦੀ ਮੱਖਣਪੁਰ ਥਾਣਾ ਕੋਤਵਾਲੀ ਹੇਠ ਆਉਂਦਾ ਹੈ। ਫ਼ਿਰੋਜ਼ਬਾਦ ਜ਼ਿਲ੍ਹਾ ਫ਼ਰਵਰੀ 1989 ’ਚ ਹੋਂਦ ’ਚ ਆਇਆ।
ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਉਪਾਧਿਆਏ ਨੇ ਦਸਿਆ ਕਿ 42 ਸਾਲ ਪਹਿਲਾਂ ਦਸੰਬਰ 1981 ’ਚ ਪਿੰਡ ਸਾਢੂਪੁਰ ’ਚ 10 ਦਲਿਤਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ, ਜਦੋਂ ਉਨ੍ਹਾਂ ਨੇ ਉੱਚ ਜਾਤੀ ਦੇ ਰਾਸ਼ਨ ਡੀਪੂ ਮਾਲਕ ਵਿਰੁਧ ਸ਼ਿਕਾਇਤ ਕਰ ਦਿਤੀ ਸੀ।
ਇਨ੍ਹਾਂ ’ਚੋਂ 9 ਜਣਿਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ, ਜਦਕਿ 90 ਵਰ੍ਹਿਆਂ ਦਾ ਗੰਗਾ ਦਿਆਲ ਹੀ ਜਿਊਂਦਾ ਬਚਿਆ ਸੀ, ਜਿਸ ਨੂੰ ਜਸਟਿਸ ਹਰਵੀਰ ਸਿੰਘ ਦੀ ਅਦਾਲਤ ਨੇ ਵੀਰਵਾਰ ਨੂੰ ਗਵਾਹਾਂ ਅਤੇ ਸਬੂਤਾਂ ਦੇ ਬਿਆਨਾਂ ਦੇ ਆਧਾਰ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ।