ਸਾਰੇ ਕਾਂਗਰਸੀ ਅਜੇ ਰਾਹੁਲ ਗਾਂਧੀ ਦੇ ਪਿਆਰ ਨਾਲ ਆਪ ਵੀ ਨਹੀਂ ਜੁੜ ਸਕਦੇ, ਭਾਰਤ ਨੂੰ ਕੀ ਜੋੜਨਗੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੂੰ ਪਿਆਰ ਦੇ ਨਾਲ ਡੰਡਾ ਵੀ ਵਿਖਾਣਾ ਜ਼ਰੂਰੀ ਹੈ

photo

 

 ਰਾਹੁਲ ਗਾਂਧੀ ਨੇ ਕੈਲੀਫ਼ੋਰਨੀਆ ਵਿਚ 2024 ਦੀਆਂ ਚੋਣਾਂ ਨੂੰ ਲੈ ਕੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਉਧਰ ਰਾਜਸਥਾਨ ਵਿਚ ਪ੍ਰਧਾਨ ਮੰਤਰੀ ਨੇ 2024 ਦੀ ਤਿਆਰੀ ਵਿਚ ਕਾਂਗਰਸ ਦੀ ਅੰਦਰੂਨੀ ਫੁਟ ’ਤੇ ਵਾਰ ਕੀਤਾ। ਰਾਹੁਲ ਗਾਂਧੀ ਨੇ ਨਫ਼ਰਤ ਦੇੇ ਬਾਜ਼ਾਰ ਵਿਚ ਮੁਹੱਬਤ ਦੀ ਦੁਕਾਨ ਬਾਰੇ ਗੱਲ ਕਰਦਿਆਂ ਅਪਣਾ ਵਿਰੋਧ ਕਰਨ ਵਾਲੇ ਕੁੱਝ ਖ਼ਾਲਿਸਤਾਨੀਆਂ ਦਾ ਵੀ ਬੜੇ ਪਿਆਰ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਬਾਬਾ ਨਾਨਕ ਦਾ ਹਵਾਲਾ ਦੇ ਕੇ ਅਪਣੀ ਭਾਰਤ ਜੋੜੋ ਯਾਤਰਾ ਨੂੰ ਬਾਬਾ ਨਾਨਕ ਵਾਂਗ ਦੇਸ਼ ਨੂੰ ਜੋੜਨ ਦਾ ਯਤਨ ਦਸਿਆ।

ਰਾਹੁਲ ਵਲੋਂ ਇਕ ਦੇਸ਼ ਦਾ ਨਾਂ ਗ਼ਲਤ ਲੈਣ ਤੇ ਭਾਜਪਾ ਵਲੋਂ ਫ਼ਜ਼ੂਲ ਦਾ ਵਿਰੋਧ ਕੀਤਾ ਗਿਆ ਜੋ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਆਗੂਆਂ ਨੇ ਵਿਰੋਧ ਲਈ ਹੀ ਵਿਰੋਧ ਕਰਨਾ ਹੁੰਦਾ ਹੈ ਤੇ ਅਗਲੇ ਦੀ ਭਾਵਨਾ ਵਲ ਨਹੀਂ ਵੇਖਣਾ ਹੁੰਦਾ। ਹਾਂ ਬਾਬੇ ਨਾਨਕ ਦੀ ਯਾਤਰਾ ‘ਭਾਰਤ ਜੋੜੋ ਯਾਤਰਾ ਨਹੀਂ ਸੀ’, ‘ਸਾਰੀ ਮਨੁੱਖ ਜਾਤੀ ਜੋੜੋ’ ਯਾਤਰਾ ਸੀ ਪਰ ਇਸ ਗੱਲ ਵਲ ਬੀਜੇਪੀ ਦੇ ਆਲੋਚਕਾਂ ਦਾ ਧਿਆਨ ਨਹੀਂ ਗਿਆ ਸਗੋਂ ਇਕ ਦੇਸ਼ ਦਾ ਨਾਂ ਗ਼ਲਤ ਤੌਰ ਤੇ ਲੈਣ ਨੂੰ ਲੈ ਕੇ ਹੀ ਬੋਲਣ ਲੱਗ ਪਏ। ਜਿਹੜੀ ਗ਼ਲਤੀ ਅਸਲ ਵਿਚ ਰਾਹੁਲ ਗਾਂਧੀ ਕੋਲੋਂ ਹੋਈ, ਉਸ ਨੂੰ ਲੈ ਕੇ ਉਸ ਨੂੰ ਝਾੜਨ ਦੀ ਨਹੀਂ, ਠੀਕ ਸਮਝਾਉਣ ਦੀ ਲੋੜ ਹੈ। ਜਦ ਤਕ ਉਸ ਦੀ ਭਾਵਨਾ ਠੀਕ ਹੈ, ਅਜਿਹੀਆਂ ਗ਼ਲਤੀਆਂ ਬਹੁਤ ਨਿਗੂਣੀਆਂ ਮੰਨੀਆਂ ਜਾਂਦੀਆਂ ਹਨ।

ਰਾਹੁਲ ਗਾਂਧੀ ਨੇ ਬਾਬਾ ਨਾਨਕ ਨੂੰ ਪ੍ਰੇਰਨਾ ਸ੍ਰੋਤ ਮੰਨ ਕੇ ਹੀ ਕੁੱਝ ਕਿਹਾ ਸੀ ਤੇ ਅੱਜ ਰਾਹੁਲ ਗਾਂਧੀ ਨੂੰ ਲੋੜ ਇਸ ਗੱਲ ਦੀ ਹੈ ਕਿ ਉਹ ਨਫ਼ਰਤ ਦੇ ਵਧਦੇ ਬਾਜ਼ਾਰ ਵਿਚ ਅਪਣੇ ਟੀਚੇ ਨੂੰ ਕੇਵਲ ਹਲੀਮੀ ਅਤੇ ਸ਼ਾਂਤੀ ਤਕ ਮਹਿਦੂਦ ਨਾ ਕਰਨ। ਜੇ ਉਹ ਬਾਬਾ ਨਾਨਕ ਤੋਂ ਹੋਰ ਪ੍ਰੇਰਨਾ ਲੈਣ ਤਾਂ ਉਹ ਸਮਝ ਸਕਣਗੇ ਕਿ ਜਿਸ ਥਾਂ ’ਤੇ ਉਹ ਬੈਠੇ ਹਨ, ਉਨ੍ਹਾਂ ਦੇ ਪਿਆਰ ਨੂੰ ਕੇਵਲ ਸ਼ਾਂਤੀ ਦਾ ਰੂਪ ਨਹੀਂ ਬਲਕਿ ਇਕ ਤਾਕਤਵਰ ਲੀਡਰ ਦਾ ਰੂਪ ਵੀ ਦੇਣਾ ਪਵੇਗਾ। ਬਾਬਾ ਨਾਨਕ ਅਮਨ, ਭਾਈਚਾਰੇ ਤੇ ਪ੍ਰੇਮ ਦਾ ਗੀਤ ਗਾਉਂਦੇ ਹੋਏ ਵੀ ਜਦ ਕਿਸੇ ਹਾਕਮ, ਮੁਨਸਫ਼ ਜਾਂ ਜਰਵਾਣੇ ਨੂੰ ਜਨਤਾ ਉਤੇ ਜ਼ੁਲਮ ਕਰਦਿਆਂ ਵੇਖਦੇ ਸਨ ਤਾਂ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਕਹਿ ਕੇ ਵੀ ਉਨ੍ਹਾਂ ਨੂੰ ਫਿਟਕਾਰਨ ਤੋਂ ਪਿੱਛੇ ਨਹੀਂ ਸਨ ਰਹਿੰਦੇ। 

ਦੇਸ਼ ਨੂੰ ਜੋੜਨ ਵਾਸਤੇ ਨਿਕਲੇ ਕਾਂਗਰਸ ਦੇ ਇਸ ਜਰਨੈਲ ਨੂੰ ਪਹਿਲਾਂ ਅਪਣਾ ਘਰ ਜੋੜਨਾ ਪਵੇਗਾ ਤੇ ਜਿਹੜਾ ਕਾਂਗਰਸ ਦੇ ਅਨੁਸ਼ਾਸਨ ਵਿਚ ਨਹੀਂ ਰਹਿੰਦਾ, ਉਸ ਨੂੰ ਅਪਣੇ ਦਲ ਤੋਂ ਬੇਦਖ਼ਲ ਕਰਨ ਦਾ ਸਾਹਸ ਵਿਖਾ ਕੇ ਅਪਣੇ ਦੇਸ਼ ਨੂੰ ਵਿਖਾਉਣਾ ਪਵੇਗਾ ਕਿ ਉੁਹ ਲੋੜ ਪੈਣ ਤੇ ਖ਼ਰੂਦ ਮਚਾਉਣ ਵਾਲਿਆਂ ਨੂੰ ਬਾਹਰ ਦਾ ਰਾਹ ਵੀ ਵਿਖਾ ਸਕਦਾ ਹੈ। ਕਾਂਗਰਸ ਦੀ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਨ੍ਹਾਂ ਦੇ ਲੀਡਰ ਬੇਲਗਾਮ ਹੋਏ ਪਏ ਹਨ ਤੇ ਉਹ ਪਾਰਟੀ ਵਿਚ ਬੈਠ ਕੇ ਵੀ ਪਾਰਟੀ ਵਿਰੁਧ ਹੀ ਕੰਮ ਕਰਦੇ ਹਨ। ਪੰਜਾਬ ਕਾਂਗਰਸ ਇਸ ਕਮਜ਼ੋਰੀ ਦਾ ਪੁਖ਼ਤਾ ਸਬੂਤ ਹੈ ਜਿਥੇ ਰਾਹੁਲ ਗਾਂਧੀ ਵੀ ਸ਼ਾਇਦ ਅਪਣੇ ਹੱਥ ਖੜੇ ਕਰ ਗਏ ਹਨ। 
ਉਨ੍ਹਾਂ ਨੇ ਭਾਰਤ ਵਿਚ ਵਧਦੀ ਬੇਰੁਜ਼ਗਾਰੀ ਤੇ ਮਹਿੰਗਾਈ ਬਾਰੇ ਤਾਂ ਸਵਾਲ ਚੁੱਕੇ ਪਰ ਜਦ ਕਾਂਗਰਸ ਦਾ ਰਾਜ ਪੰਜਾਬ ਵਿਚ ਆਇਆ ਸੀ ਤਾਂ ਕਾਂਗਰਸ ਵਿਚ ਵੀ ਇਹੀ ਸੱਭ ਹੋਇਆ ਸੀ। ਅੱਜ ਜੇ ਉਨ੍ਹਾਂ ਨੇ ਦੇਸ਼ ਵਿਚ ਅਪਣੇ ਪਿਆਰ ਦੀ ਦੁਕਾਨ ਲਗਾਉਣੀ ਹੈ ਤਾਂ ਉਨ੍ਹਾਂ ਨੂੰ ਅਪਣੇ ਫੁੱਲਾਂ ਨਾਲ ਚਿੰਬੜੇ ਕੰਡਿਆਂ ਨੂੰ ਸਾਫ਼ ਵੀ ਕਰਨਾ ਪਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਵਿਚ ਗਹਿਲੋਤ ਤੇ ਪਾਇਲਟ ਵਿਚਕਾਰ ਤਕਰਾਰ ਨੂੰ ਮੁੱਦਾ ਬਣਾ ਕੇ ਕਾਂਗਰਸ ਦੀ ਕਮਜ਼ੋਰੀ ਨੂੰ ਨਸ਼ਰ ਕੀਤਾ ਤੇ ਇਹੀ ਕਮਜ਼ੋਰੀ ਹੈ ਜੋ ਕਾਂਗਰਸ ਨੂੰ ਵਾਰ ਵਾਰ ਹਰਾਉਂਦੀ ਆ ਰਹੀ ਹੈ। ਮਾਵਾਂ ਬੱਚੇ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਨ ਦੇ ਬਾਵਜੂਦ ਲੋੜ ਪੈਣ ਤੇ ਸਖ਼ਤੀ ਵੀ ਵਿਖਾਉਂਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਜੇ ਇਹ ਵਿਗੜੇ ਹੀ ਰਹਿਣ ਦਿਤੇ ਗਏ ਤਾਂ ਇਨ੍ਹਾਂ ਦੀ ਜ਼ਿੰਦਗੀ ਖ਼ਤਮ ਹੋ ਜਾਏਗੀ। ਕਾਂਗਰਸ ਵੀ ਇਸ ਨਰਮ ਪਿਆਰ ਮੁਹੱਬਤ ਤੋਂ ਹਟ ਕੇ ਹੁਣ ਅਜਿਹਾ ਪਿਆਰ ਵਿਖਾਵੇ ਜਿਸ ਨਾਲ ਮਹਿਸੂਸ ਹੋਵੇ ਕਿ ਉਹ ਦੇਸ਼, ਪਾਰਟੀ ਅਤੇ ਡਿਸਿਪਲਿਨ ਖ਼ਾਤਰ ਪਾਰਟੀ ਉਤੋਂ ਕਿਸੇ ਨੂੰ ਵੀ ਕੁਰਬਾਨ ਕਰਨ ਲਈ ਤਿਆਰ ਹੈ।
- ਨਿਮਰਤ ਕੌਰ