ਬਿਹਾਰ ਤੇ ਉਤਰ ਪ੍ਰਦੇਸ਼ ’ਚ ਬਿਜਲੀ ਡਿੱਗਣ ਨਾਲ 30 ਲੋਕਾਂ ਦੀ ਮੌਤ, 12 ਹੋਰ ਝੁਲਸੇ
ਅੱਜਕਲ ਅਸਮਾਨ ’ਚੋਂ ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਆਫ਼ਤ ਵੀ ਡਿੱਗ ਰਹੀ ਹੈ।
ਬਲੀਆ, 2 ਜੁਲਾਈ : ਅੱਜਕਲ ਅਸਮਾਨ ’ਚੋਂ ਮੀਂਹ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਆਫ਼ਤ ਵੀ ਡਿੱਗ ਰਹੀ ਹੈ। ਬਿਜਲੀ ਡਿੱਗਣ ਕਾਰਨ ਬਿਹਾਰ ਤੇ ਯੂਪੀ ਵਿਚ 30 ਵਿਅਕਤੀਆਂ ਦੇ ਮਰਨ ਦੀ ਖ਼ਬਰ ਹੈ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਅੱਠ, ਕਟਿਆਰ ’ਚ 6 ਅਤੇ ਪਟਨਾ ਦੇ ਬਾਜ਼ਾਰ ’ਚ 6 ਲੋਕਾਂ ਦੀ ਮੌਤ ਦੀ ਖ਼ਬਰ ਹੈ। ਪੂਰਬੀ ਚੰਪਾਰਨ ’ਚ 4 ਅਤੇ ਸ਼ਿਵਹਰ ’ਚ 2 ਵਿਅਕਤੀਆਂ ਦੀ ਮੌਤ ਹੋਈ ਹੈ।
ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ’ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ ‘ਬਾਬੂ ਕਾ ਸ਼ਿਵਪੁਰ’ ਪਿੰਡ ’ਚ ਅੱਜ ਅਸਮਾਨੀ ਬਿਜਲੀ ਦੀ ਲਪੇਟ ’ਚ ਆ ਕੇ ਇਕ ਸੇਵਾਮੁਕਤ ਫ਼ੌਜੀ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਦੋਕਟੀ ਥਾਣਾ ਇੰਚਾਰਜ ਨੇ ਦਸਿਆ ਕਿ ਅੱਜ ਦੁਪਹਿਰ ਅਸਮਾਨੀ ਬਿਜਲੀ ਦੀ ਲਪੇਟ ’ਚ ਆ ਕੇ ਖੇਤ ’ਚ ਕੰਮ ਕਰ ਰਹੇ ਸੇਵਾਮੁਕਤ ਫ਼ੌਜੀ ਬਾਬੂਲਾਲ ਸਿੰਘ (70) ਅਤੇ ਨਿਰਮਲ ਵਰਮਾ (43) ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਕੰਦਰਪੁਰ ਅਤੇ ਭੀਮਪੁਰਾ ਖੇਤਰਾਂ ’ਚ ਖ਼ਰਾਬ ਮੌਸਮ ਦਰਮਿਆਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ ’ਚ ਆਉਣ ਨਾਲ 2 ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਝੁਲਸ ਗਏ। (ਏਜੰਸੀ)