ਚੀਨ ਨਾਲ ਵਿਵਾਦ ਵਿਚਾਲੇ ਵੱਡਾ ਸੌਦਾ, ਜੰਗੀ ਸਮਰਥਾ ਹੋਰ ਵਧੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

38900 ਕਰੋੜ ਰੁਪਏ ਦੇ ਲੜਾਕੂ ਜਹਾਜ਼ਾਂ ਤੇ ਮਿਜ਼ਾਈਲਾਂ ਦੀ ਖ਼ਰੀਦ ਨੂੰ ਪ੍ਰਵਾਨਗੀ

India China

ਨਵੀਂ ਦਿੱਲੀ, 2 ਜੁਲਾਈ :  ਚੀਨ ਨਾਲ ਸਰਹੱਦ 'ਤੇ ਵੱਧ ਰਹੇ ਤਣਾਅ ਦੇ ਮਾਹੌਲ ਵਿਚਾਲੇ ਰਖਿਆ ਮੰਤਰਾਲੇ ਨੇ ਫ਼ੌਜਾਂ ਦੀ ਜੰਗੀ ਸਮਰੱਥਾ ਵਧਾਉਣ ਲਈ 38900 ਕਰੋੜ ਰੁਪਏ ਦੀ ਲਾਗਤ ਨਾਲ ਕੁੱਝ ਲੜਾਕੂ ਜਹਾਜ਼ਾਂ, ਮਿਜ਼ਾਈਲ ਸਿਸਟਮ ਅਤੇ ਹੋਰ ਹਥਿਆਰਾਂ ਦੀ ਖ਼ਰੀਦ ਨੂੰ ਪ੍ਰਵਾਨਗੀ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ 21-ਮਿਗ 29 ਲੜਾਕੂ ਜਹਾਜ਼ ਰੂਸ ਤੋਂ ਜਦਕਿ 12 ਐਸਯੂ 30 ਐਮਕੇਆਈ ਜਹਾਜ਼ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਤੋਂ ਖ਼ਰੀਦੇ ਜਾਣਗੇ।

ਮੰਤਰਾਲੇ ਨੇ ਮੌਜੂਦਾ 59 ਮਿਗ 29 ਜਹਾਜ਼ਾਂ ਨੂੰ ਉੱਨਤ ਬਣਾਉਣ ਦੀ ਵਖਰੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿਤੀ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਰਖਿਆ ਖ਼ਰੀਦ ਪਰਿਸ਼ਦ ਦੀ ਬੈਠਕ ਵਿਚ ਇਹ ਫ਼ੈਸਲੇ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ 21 ਮਿਗ ਲੜਾਕੂ ਜਹਾਜ਼ਾਂ ਅਤੇ ਮਿਗ-29 ਦੇ ਮੌਜੂਦਾ ਬੇੜੇ ਨੂੰ ਉੱਨਤ ਬਣਾਉਣ 'ਤੇ ਅਨੁਮਾਨਤ ਤੌਰ 'ਤੇ 7418 ਕਰੋੜ ਰੁਪਏ ਖ਼ਰਚ ਹੋਣਗੇ ਜਦਕਿ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਤੋਂ 12 ਨਵੇਂ ਐਸਯੂ-30 ਐਮਕੇਆਈ ਜਹਾਜ਼ਾਂ ਦੀ ਖ਼ਰੀਦ 'ਤੇ 10730 ਕਰੋੜ ਰੁਪਏ ਦੀ ਲਾਗਤ ਆਵੇਗੀ।

ਡੀਏਸੀ ਨੇ ਫ਼ੌਜ ਲਈ 1000 ਕਿਲੋਮੀਟਰ ਦੀ ਮਾਰ ਵਾਲੇ 'ਲੈਂਡ ਅਟੈਕ ਕਰੂਜ਼ ਮਿਜ਼ਾਈਲ ਸਿਸਟਮ' ਦੀ ਖ਼ਰੀਦ ਨੂੰ ਮਨਜ਼ੂਰੀ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਰੂਪਰੇਖਾ ਅਤੇ ਵਿਕਾਸ ਤਜਵੀਜ਼ਾਂ ਦੀ ਲਾਗਤ 20400 ਕਰੋੜ ਰੁਪਏ ਹੈ। ਪਿਨਾਕਾ ਮਿਜ਼ਾਈਲ ਸਿਸਟਮ ਨਾਲ ਵੀ ਤਾਕਤ ਵਧੇਗੀ ਜਿਸ ਨਾਲ ਇਕ ਹਜ਼ਾਰ ਕਿਲੋਮੀਟਰ ਲੰਮੀ ਦੂਰੀ ਦੀ ਮਾਰ ਸਮਰੱਥਾ ਵਾਲੇ ਮਿਜ਼ਾਈਲ ਸਿਸਟਮ ਨਾਲ ਹਵਾਈ ਫ਼ੌਜ ਦੀ ਮਾਰ ਕਰਨ ਦੀ ਸਮਰੱਥਾ ਵਿਚ ਕਈ ਗੁਣਾਂ ਵਾਧਾ ਹੋਵੇਗਾ।

ਅਧਿਕਾਰੀਆਂ ਮੁਤਾਬਕ ਹਥਿਆਰਬੰਦ ਮਿਜ਼ਾਈਲਾਂ ਨੂੰ ਬੇੜੇ ਵਿਚ ਸ਼ਾਮਲ ਕਰਨ ਨਾਲ ਫ਼ੋਰਸ ਦੀ ਤਾਕਤ ਵਿਚ ਹੋਰ ਵਾਧਾ ਹੋਵੇਗਾ ਜਿਸ ਨਾਲ ਭਾਰਤੀ ਹਵਾਈ ਫ਼ੌਜ ਅਤੇ ਜਲ ਫ਼ੌਜ ਦੀ ਮਾਰ ਸਮਰੱਥਾ ਵਿਚ ਜ਼ਬਰਦਸਤ ਵਾਧਾ ਹੋਵੇਗਾ। ਮੰਤਰਾਲੇ ਨੇ ਕਿਹਾ, 'ਦੇਸ਼ ਵਿਚ ਬਣੇ ਡਿਜ਼ਾਈਨ ਅਤੇ ਵਿਕਾਸ 'ਤੇ ਜ਼ੋਰ ਦਿਤਾ ਗਿਆ ਹੈ। ਇਸ ਮਨਜ਼ੂਰੀ ਵਿਚ ਭਾਰਤੀ ਉਦਯੋਗ ਤੋਂ 31130 ਕਰੋੜ ਰੁਪਏ ਦੀ ਖ਼ਰੀਦ ਵੀ ਸ਼ਾਮਲ ਹੈ। ਉਪਕਰਨ ਦਾ ਨਿਰਮਾਣ ਭਾਰਤ ਵਿਚ ਹੋਵੇਗਾ।'    (ਏਜੰਸੀ)

ਲੜਾਕੂ ਜਹਾਜ਼ਾਂ ਦਾ ਮੁਕਾਬਲਾ ਕਰ ਸਕੇਗੀ ਮਿਜ਼ਾਈਲ
ਅਧਿਕਾਰੀਆਂ ਨੇ ਦਸਿਆ ਕਿ ਮੰਤਰਾਲੇ ਨੇ ਬੀਵੀਆਰ ਮਿਜ਼ਾਈਲ ਸਿਸਟਮ ਦੀ ਖ਼ਰੀਦ ਨੂੰ ਵੀ ਮਨਜ਼ੂਰੀ ਦਿਤੀ ਹੈ। ਹਵਾ ਤੋਂ ਹਵਾ ਵਿਚ ਲੜਾਈ ਦੇ ਸਮਰੱਥ ਇਹ ਮਿਜ਼ਾਈਲ ਸਿਸਟਮ ਸੁਪਰਸੌਨਿਕ ਲੜਾਕੂ ਜਹਾਜ਼ਾਂ ਨਾਲ ਮੁਕਾਬਲਾ ਕਰ ਸਕਦੀ ਹੈ ਅਤੇ ਹਰ ਤਰ੍ਹਾਂ ਦੇ ਮੌਸਮ ਵਿਚ ਦਿਨ ਰਾਤ ਹਮੇਸ਼ ਕੰਮ ਕਰਨ ਦੇ ਸਮਰੱਥ ਹੋਵੇਗੀ। ਅਧਿਕਾਰੀਆਂ ਮੁਤਾਬਕ ਆਧੁਨਿਕ ਕਿਸਮ ਦੀ ਇਹ ਮਿਜ਼ਾਈਲ ਹੋਰ ਕਈ ਪੱਖਾਂ ਤੋਂ ਵੀ ਅਹਿਮ ਹੈ।