ਕੋਰੋਨਾ ਪੀੜਤਾਂ ਦੀ ਗਿਣਤੀ ਛੇ ਲੱਖ ਦੇ ਪਾਰ, ਇਕ ਦਿਨ 'ਚ 434 ਮੌਤਾਂ
ਮ੍ਰਿਤਕਾਂ ਦੀ ਗਿਣਤੀ 17834 'ਤੇ ਪਹੁੰਚੀ
ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 19148 ਨਵੇਂ ਮਾਮਲੇ ਆਉਣ ਮਗਰੋਂ ਪੀੜਤਾਂ ਦੀ ਗਿਣਤੀ ਛੇ ਲੱਖ ਦੇ ਪਾਰ ਚਲੀ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 17834 'ਤੇ ਪਹੁੰਚ ਗਈ ਹੈ। ਮਹਿਜ਼ ਪੰਜ ਦਿਨ ਪਹਿਲਾਂ ਹੀ ਪੀੜਤਾਂ ਦੀ ਗਿਣਤੀ ਪੰਜ ਲੱਖ ਦੇ ਪਾਰ ਹੋਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਇਕ ਲੱਖ ਪਹੁੰਚਣ ਵਿਚ 110 ਦਿਨ ਲੱਗੇ ਸਨ ਜਦਕਿ ਮਹਿਜ਼ 44 ਦਿਨਾਂ ਵਿਚ ਮਾਮਲੇ ਛੇ ਲੱਖ ਦੇ ਪਾਰ ਚਲੇ ਗਏ।
ਮੰਤਰਾਲੇ ਨੇ ਸਵੇਰੇ ਅੱਠ ਵਜੇ ਤਕ ਅੰਕੜੇ ਜਾਰੀ ਕੀਤੇ ਜਿਸ ਮੁਤਾਬਕ ਪਿਛਲੇ 24 ਘੰਟਿਆਂ ਦੇ ਮਾਮਲੇ ਵੱਧ ਕੇ 604641 ਹੋ ਗਏ ਹਨ ਜਦਕਿ 434 ਲੋਕਾਂ ਦੀ ਮੌਤ ਹੋ ਗਈ। ਇਸ ਰੋਗ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ 359859 ਹੋ ਗਈ ਹੈ ਜਦਕਿ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ। ਦੇਸ਼ ਵਿਚ ਹੁਣ ਵੀ 226947 ਲੋਕਾਂ ਦਾ ਕੋਰੋਨਾ ਵਾਇਰਸ ਲਾਗ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ 59.52 ਫ਼ੀ ਸਦੀ ਮਰੀਜ਼ ਸਿਹਤਯਾਬ ਹੋਏ ਹਨ। ਇਹ ਲਗਾਤਾਰ ਛੇਵਾਂ ਦਿਨ ਹੈ ਜਦ ਕੋਰੋਨਾ ਵਾਇਰਸ ਦੇ 18000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਕ ਜੂਨ ਤੋਂ ਲੈ ਕੇ ਹੁਣ ਤਕ ਕੋਵਿਡ-19 ਦੇ ਮਾਮਲੇ 414106 ਤਕ ਵਧੇ ਹਨ। (ਏਜੰਸੀ)