ਮੱਧ ਪ੍ਰਦੇਸ਼ ਵਜ਼ਾਰਤ ਦਾ ਵਾਧਾ, 20 ਕੈਬਨਿਟ, ਅੱਠ ਰਾਜ ਮੰਤਰੀ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਨਵੇਂ ਚਿਹਰਿਆਂ ਨੂੰ ਮਿਲੀ ਕੈਬਨਿਟ ਵਿਚ ਥਾਂ 

File Photo

ਭੋਪਾਲ, 2 ਜੁਲਾਈ : ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ ਹੈ ਜਿਸ ਤਹਿਤ 28 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ਨਵੇਂ ਮੰਤਰੀਆਂ ਵਿਚ 12 ਜਯੋਤੀਰਾਦਿਤਿਯ ਸਿੰਧੀਆ ਸਮਰਥਕ ਵੀ ਸ਼ਾਮਲ ਹਨ ਜਿਸ ਦੇ ਮਾਰਚ ਵਿਚ ਕਾਂਗਰਸ ਤੋਂ ਅਸਤੀਫ਼ੇ ਮਗਰੋਂ ਰਾਜ ਦੀ ਕਮਲਨਾਥ ਸਰਕਾਰ ਡਿੱਗ ਗਈ ਸੀ।

ਸਰਕਾਰ ਵਿਚ 15 ਨਵੇਂ ਚਿਹਰਿਆਂ ਅਤੇ ਤਿੰਨ ਔਰਤਾਂ ਸਣੇ 28 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਚੌਹਾਨ ਖ਼ੁਦ ਅਪਣੇ ਚਾਰ ਕਰੀਬੀ ਵਿਧਾਇਕਾਂ ਨੂੰ ਹੀ ਮੰਤਰੀ ਬਣਾ ਸਕੇ ਅਤੇ ਬਾਕੀ ਚਾਰ ਕਰੀਬੀ ਸਾਬਕਾ ਮੰਤਰੀਆਂ ਅਤੇ ਸੀਨੀਅਰ ਵਿਧਾਇਕਾਂ ਨੂੰ ਵਜ਼ਾਰਤ ਵਿਚ ਥਾਂ ਨਹੀਂ ਦੇ ਸਕੇ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਹੋਏ ਪੰਜ ਮੈਂਬਰੀ ਵਜ਼ਾਰਤੀ ਗਠਨ ਵਿਚ ਵੀ ਚੌਹਾਨ ਅਪਣੇ ਕਿਸੇ ਕਰੀਬੀ ਨੂੰ ਮੰਤਰੀ ਨਹੀਂ ਬਣਾ ਸਕੇ ਸਨ।  

ਰਾਜਪਾਲ ਆਨੰਦੀਬੇਨ ਪਟੇਲ ਨੇ ਰਾਜ ਭਵਨ ਵਿਚ ਮੰਤਰੀ ਮੰਡਲ ਵਿਸਤਾਰ ਲਈ ਹੋਏ ਸਮਾਗਮ ਵਿਚ 20 ਕੈਬਨਿਟ ਮੰਤਰੀਆਂ ਅਤੇ ਅੱਠ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿਚ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਸਿੰਧੀਆ ਸਮਰਥਕ ਜਿਹੜੇ ਆਗੂਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ, ਇਨ੍ਹਾਂ ਵਿਚੋਂ ਕੋਈ ਵੀ ਫ਼ਿਲਹਾਲ ਵਿਧਾਨ ਸਭਾ ਦਾ ਮੈਂਬਰ ਨਹੀਂ।

ਇਹ ਸਾਰੇ ਮਾਰਚ ਮਹੀਨੇ ਵਿਚ ਕਾਗਰਸ ਤੋਂ ਬਾਗ਼ੀ ਹੋ ਕੇ ਵਿਧਾਨ ਸਭਾ ਤੋਂ ਤਿਆਗ ਪੱਤਰ ਦੇਣ ਮਗਰੋਂ ਭਾਜਪਾ ਵਿਚ ਸ਼ਾਮਲ ਹੋਏ ਸਨ। ਦੇਸ਼ ਵਿਚ ਸ਼ਾਇਦ ਪਹਿਲੀ ਵਾਰ ਕਿਸੇ ਸੂਬੇ ਦੇ ਮੰਤਰੀ ਮੰਡਲ ਵਿਚ ਏਨੀ ਜ਼ਿਆਦਾ ਗਿਣਤੀ ਵਿਚ ਗ਼ੈਰ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੰਤਰੀਆਂ ਵਿਚ ਪ੍ਰਮੁੱਖ ਤੌਰ ’ਤੇ ਗੋਪਾਲ ਭਾਰਗਵ, ਵਿਜੇ ਸ਼ਾਹ, ਹਰਦੀਪ ਸਿੰਘ ਡੰਗ, ਇੰਦਰ ਸਿੰਘ ਪਰਮਾਰ ਸ਼ਾਮਲ ਹਨ। ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿਤਿਯਾ ਸਿੰਧੀਆ ਅਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਾਂਗਰਸ ਦੇ 22 ਵਿਧਾਇਕਾਂ ਦੇ ਮਾਰਚ ਵਿਚ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਮਗਰੋਂ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡਿੱਗ ਗਈ ਸੀ।  (ਏਜੰਸੀ)