ਸੁਖਨਾ ਝੀਲ 'ਚੋਂ ਮਿਲੀ ਲਾਸ਼, ਸ਼ਨਾਖਤ ਲਈ ਰਖਵਾਈ ਹਸਪਤਾਲ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਤ ਦੇ ਕਾਰਨਾਂ ਦੀ ਪੁਲਿਸ ਕਰ ਰਹੀ ਹੈ ਤਫ਼ਤੀਸ਼ 

Sukhna lake

ਚੰਡੀਗੜ੍ਹ ਦੇ ਸੈਕਟਰ-6 ਸਥਿਤ ਸੁਖਨਾ ਝੀਲ 'ਚੋਂ ਅੱਜ ਸਵੇਰੇ 9 ਵਜੇ ਇਕ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਝੀਲ ਚੌਕੀ ਇੰਚਾਰਜ ਅਨੁਸਾਰ ਲਾਸ਼ ਕਾਫੀ ਸੁੱਜੀ ਹੋਈ ਹੈ ਅਤੇ ਕੁਝ ਦਿਨ ਪੁਰਾਣੀ ਲੱਗ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੇ ਝੀਲ 'ਚ ਛਾਲ ਮਾਰ ਕੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਲਾਸ਼ ਪਾਣੀ 'ਚ ਵਹਿ ਕੇ ਪਿਛਲੇ ਕੰਢੇ 'ਤੇ ਪਹੁੰਚ ਗਈ। ਸਵੇਰੇ 9 ਵਜੇ ਦੇ ਕਰੀਬ ਲਾਸ਼ ਦੇਖਦਿਆਂ ਹੀ ਲੋਕਾਂ ਨੇ ਝੀਲ ਚੌਕੀ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਪਾਣੀ ਵਿੱਚੋਂ ਕੱਢ ਕੇ ਸੈਕਟਰ-16 ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਸ ਦੀ ਪਛਾਣ ਦੇ ਯਤਨ ਜਾਰੀ ਹਨ। ਸੈਕਟਰ 3 ਥਾਣੇ ਦੀ ਪੁਲੀਸ ਨੇ ਫਿਲਹਾਲ ਮਾਮਲੇ ਵਿੱਚ ਡੀ.ਡੀ.ਆਰ. ਦਰਜ ਕਰ ਲਈ ਗਈ ਹੈ।

ਇਸ ਦੇ ਨਾਲ ਹੀ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਹੀ ਇਹ ਸਾਹਮਣੇ ਆ ਸਕੇਗਾ ਕਿ ਇਹ ਖੁਦਕੁਸ਼ੀ ਸੀ ਜਾਂ ਫਿਰ ਕਿਸੇ ਨੇ ਕਤਲ ਕਰਕੇ ਲਾਸ਼ ਝੀਲ ਵਿੱਚ ਸੁੱਟ ਦਿੱਤਾ ਸੀ। ਦੱਸ ਦੇਈਏ ਕਿ 28 ਮਈ ਨੂੰ ਸਾਹਨੇਵਾਲ, ਲੁਧਿਆਣਾ ਦੇ ਨੀਰਜ ਕੁਮਾਰ ਨਾਮਕ ਵਿਅਕਤੀ ਨੇ ਕਿਸ਼ਤੀ ਚਲਾਉਣ ਦੌਰਾਨ ਸੁਖਨਾ ਝੀਲ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।