ਮੁਹਾਲੀ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਦੀਆਂ ਟੀਮਾਂ ਚੌਕਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਕਟਰ-81 ਵਿੱਚ ਲੋਕਾਂ ਨੇ ਦੇਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ 

Symbolic photo

ਮੁਹਾਲੀ : ਸਥਾਨਕ ਸੈਕਟਰ-81 ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਤੇਂਦੂਆ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਇਲਾਕੇ ਵਿੱਚ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਵੀ ਦੇਖੇ ਗਏ ਹਨ। ਇਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਜੰਗਲਾਤ ਵਿਭਾਗ ਦੀਆਂ ਟੀਮਾਂ ਹਰਕਤ ਵਿੱਚ ਆ ਗਈਆਂ ਹਨ। ਇਲਾਕੇ 'ਚ ਪਿੰਜਰੇ ਲਗਾ ਦਿੱਤੇ ਗਏ ਹਨ ਅਤੇ ਟੀਮ ਤੇਂਦੂਏ ਨੂੰ ਫੜਨ 'ਚ ਲੱਗੀ ਹੋਈ ਹੈ।

ਦੂਜੇ ਪਾਸੇ ਇਲਾਕੇ ਦੇ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਇਸ ਦੇ ਨਾਲ ਹੀ ਲੋਕ ਬੱਚਿਆਂ ਨੂੰ ਘਰਾਂ ਤੋਂ ਬਾਹਰ ਖੇਡਣ ਵੀ ਨਹੀਂ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਸੈਕਟਰ-81 ਸਥਿਤ ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਨਾਲੇਜ ਸਿਟੀ ਵਿੱਚ ਚੀਤੇ ਨੂੰ ਦੇਖਿਆ ਗਿਆ। ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਤੇਂਦੂਏ ਦੇ ਦਿਖਾਈ ਦੇਣ ਦੀ ਸੂਚਨਾ ਮਿਲੀ ਹੈ।

ਸੋਸ਼ਲ ਮੀਡੀਆ 'ਤੇ ਤੇਂਦੂਏ ਦੀ ਸੀਸੀਟੀਵੀ ਫੁਟੇਜ ਫੈਲਾ ਕੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਤੇਂਦੁਏ ਨੂੰ ਦੇਖਦੇ ਹਨ ਤਾਂ ਸੂਚਨਾ ਦੇਣ। ਤੇਂਦੁਏ ਦੇ ਪੰਜੇ ਦੇ ਨਿਸ਼ਾਨ ਨੇੜਲੇ ਨਾਲੇ ਕੋਲ ਦੇਖੇ ਗਏ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਪਾਸੇ ਆਇਆ ਹੋਵੇਗਾ।

ਚੀਤੇ ਨੂੰ ਫੜਨ ਲਈ ਮੁਹਾਲੀ ਦੇ ਜੰਗਲੀ ਜੀਵ ਰੇਂਜ ਅਫਸਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਮੁਹਿੰਮ ਚਲਾਈ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਯਾ ਪਿੰਡ ਦੀ ਕੁਮਾਉਂ ਕਲੋਨੀ ਵਿੱਚ ਵੀ ਤੇਂਦੂਏ ਦੇ ਨਜ਼ਰ ਆਉਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਉਹ ਜੰਗਲਾਤ ਵਿਭਾਗ ਦੇ ਹੱਥ ਨਹੀਂ ਆਇਆ। ਇਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 31 ਨੇੜੇ ਜੰਗਲੀ ਖੇਤਰ ਵਿੱਚ ਕਿਸੇ ਨੇ ਚੀਤੇ ਵਰਗਾ ਜਾਨਵਰ ਦੇਖਣ ਦੀ ਸੂਚਨਾ ਦਿੱਤੀ ਸੀ। ਹਾਲਾਂਕਿ ਜਦੋਂ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਦੀ ਟੀਮ ਇੱਥੇ ਪਹੁੰਚੀ ਤਾਂ ਕੁਝ ਪਤਾ ਨਹੀਂ ਮਿਲਿਆ।