Hathras : ਹਾਥਰਸ ਭਾਜੜ ਘਟਨਾ ਦੀ ਜਾਂਚ ਲਈ ਯੂ.ਪੀ. ਸਰਕਾਰ ਨੇ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ, ਜਾਣੋ ਕੌਣ ਹੋਣਗੇ ਮੈਂਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

Hathras : ਕਮਿਸ਼ਨ ਇਹ ਵੀ ਜਾਂਚ ਕਰੇਗਾ ਕਿ ਇਹ ਹਾਦਸਾ ਹੈ ਜਾਂ ਸਾਜ਼ਸ਼ ਜਾਂ ਕੋਈ ਹੋਰ ਯੋਜਨਾਬੱਧ ਅਪਰਾਧਕ ਘਟਨਾ ਹੈ

Hathras Stampede incident

Hathras : ਲਖਨਊ: ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਪਟੇਲ ਦੇ ਨਿਰਦੇਸ਼ਾਂ ’ਤੇ ਰਾਜ ਸਰਕਾਰ ਨੇ ਹਾਥਰਸ ’ਚ ਭਾਜੜ ਦੀ ਜਾਂਚ ਲਈ ਬੁਧਵਾਰ ਨੂੰ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ ਕੀਤਾ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿਤੀ । 

ਇਕ ਸਰਕਾਰੀ ਬੁਲਾਰੇ ਨੇ ਬੁਧਵਾਰ ਰਾਤ ਨੂੰ ਇਕ ਬਿਆਨ ਵਿਚ ਕਿਹਾ ਕਿ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦੀ ਅਗਵਾਈ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ (ਸੇਵਾਮੁਕਤ) ਬ੍ਰਜੇਸ਼ ਕੁਮਾਰ ਸ਼੍ਰੀਵਾਸਤਵ ਕਰਨਗੇ। ਕਮਿਸ਼ਨ ਦੇ ਦੋ ਹੋਰ ਮੈਂਬਰ ਸਾਬਕਾ ਆਈ.ਏ.ਐਸ. ਅਧਿਕਾਰੀ ਹੇਮੰਤ ਰਾਓ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਭਾਵੇਸ਼ ਕੁਮਾਰ ਸਿੰਘ ਹਨ। 

ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਥਰਸ ਭਾਜੜ ਦੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਇਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਕਮਿਸ਼ਨ ਨੂੰ ਦੋ ਮਹੀਨਿਆਂ ’ਚ ਜਾਂਚ ਪੂਰੀ ਕਰਨੀ ਪਵੇਗੀ। 

ਰਾਜ ਸਰਕਾਰ ਨੇ ਰਾਜਪਾਲ ਦੀ ਸਹਿਮਤੀ ਨਾਲ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ ਅਤੇ ਪੰਜ ਨੁਕਤਿਆਂ ’ਤੇ ਰੀਪੋਰਟ ਸੌਂਪਣ ਲਈ ਕਿਹਾ ਹੈ। ਇਨ੍ਹਾਂ ’ਚ ਸਮਾਗਮ ਦੇ ਪ੍ਰਬੰਧਕਾਂ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੀ ਗਈ ਇਜਾਜ਼ਤ ਦੀ ਜਾਂਚ ਕਰਨਾ ਅਤੇ ਇਸ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਸ਼ਾਮਲ ਹੈ। 

ਕਮਿਸ਼ਨ ਇਹ ਵੀ ਜਾਂਚ ਕਰੇਗਾ ਕਿ ਇਹ ਹਾਦਸਾ ਹੈ ਜਾਂ ਸਾਜ਼ਸ਼ ਜਾਂ ਕੋਈ ਹੋਰ ਯੋਜਨਾਬੱਧ ਅਪਰਾਧਕ ਘਟਨਾ ਹੈ। ਕਮਿਸ਼ਨ ਨੂੰ ਪ੍ਰੋਗਰਾਮ ਦੌਰਾਨ ਭੀੜ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਕੀਤੇ ਗਏ ਪ੍ਰਬੰਧਾਂ ਅਤੇ ਇਸ ਨਾਲ ਜੁੜੇ ਹੋਰ ਸਬੰਧਤ ਪਹਿਲੂਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕਮਿਸ਼ਨ ਉਨ੍ਹਾਂ ਕਾਰਨਾਂ ਅਤੇ ਹਾਲਾਤਾਂ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਕਾਰਨ ਇਹ ਘਟਨਾ ਵਾਪਰੀ। 

ਬੁਲਾਰੇ ਨੇ ਦਸਿਆ ਕਿ ਕਮਿਸ਼ਨ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਵੀ ਸੁਝਾਏਗਾ। ਹਾਥਰਸ ਜ਼ਿਲ੍ਹੇ ’ਚ ਮੰਗਲਵਾਰ ਨੂੰ ਵਿਸ਼ਵ ਹਰੀ ‘ਭੋਲੇ ਬਾਬਾ‘ ਵਲੋਂ ਆਯੋਜਿਤ ਸਤਿਸੰਗ ਦੌਰਾਨ ਭਾਜੜ ਮਚਣ ਨਾਲ ਘੱਟੋ-ਘੱਟ 121 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਜ਼ਿਆਦਾਤਰ ਔਰਤਾਂ ਹਨ।