ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੂੰ ਹਵਾਈ ਅੱਡੇ 'ਤੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ...............

Trinamool Congress Delegation At Airport

ਨਵੀਂ ਦਿੱਲੀ/ਕੋਲਕਾਤਾ : ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਐਨ.ਆਰ.ਸੀ ਖਰੜੇ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ 8 ਨੇਤਾਵਾਂ ਦਾ ਇਕ ਵਫ਼ਦ ਲੋਕਾਂ ਨੂੰ ਮਿਲਣ ਲਈ ਆਸਾਮ ਜਾ ਰਿਹਾ ਸੀ ਜਿਨ੍ਹਾਂ ਨੂੰ ਸਿਲਚਰ ਹਵਾਈ ਅੱਡੇ ਅੰਦਰ ਹੀ ਰੋਕ ਕੇ ਰਖਿਆ ਗਿਆ। ਹਿਰਾਸਤ ਵਿਚ ਲਏ ਗਏ ਨੇਤਾਵਾਂ ਵਿਚ ਟੀ.ਐਮ.ਸੀ. ਦੇ 6 ਸੰਸਦ ਮੈਂਬਰ, ਇਕ ਮੰਤਰੀ ਅਤੇ ਇਕ ਵਿਧਾਇਕ ਸ਼ਾਮਲ ਹਨ। ਅਪਣੀ ਪਾਰਟੀ ਦੇ ਵਫ਼ਦ ਨੂੰ ਆਸਾਮ 'ਚ ਵੜਨ ਤੋਂ ਰੋਕਣ ਤੋਂ ਭੜਕੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਮਮਤਾ ਬੈਨਰਜੀ ਨੇ ਇਸ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ

(ਭਾਜਪਾ) 'ਤੇ ਤਿੱਖਾ ਵਾਰ ਕੀਤਾ ਹੈ ਅਤੇ ਕਿਹਾ ਹੈ ਕਿ ਦੇਸ਼ ਅੰਦਰ 'ਮਹਾਂ ਐਮਰਜੈਂਸੀ' ਲੱਗੀ ਹੋਈ ਹੈ। ਉਨ੍ਹਾਂ ਕਿਹਾ, ''ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੂੰ ਸਿਲਚਰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿਤਾ ਗਿਆ। ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ। ਮਹਿਲਾ ਮੈਂਬਰਾਂ ਤਕ ਨੂੰ ਨਹੀਂ ਬਖ਼ਸ਼ਿਆ ਗਿਆ।'' ਉਨ੍ਹਾਂ ਕਿ ਇਸ ਮੁੱਦੇ 'ਤੇ ਭਾਜਪਾ ਦੀ ਸੱਚਾਈ ਸਾਹਮਣੇ ਆ ਗਈ ਹੈ ਉਨ੍ਹਾਂ ਪੁਛਿਆ ਕਿ ਕਿਸ ਕਾਨੂੰਨ ਹੇਠ ਵਫ਼ਦ ਨੂੰ ਸਿਲਚਰ ਹਵਾਈ ਅੱਡੇ 'ਤੇ ਰੋਕਿਆ ਗਿਆ।  ਰੋਕ ਕੇ ਰੱਖੇ ਗਏ ਟੀ.ਐਮ.ਸੀ. ਨੇਤਾਵਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਜਬਰਨ ਹਿਰਾਸਤ ਵਿਚ ਲਿਆ ਗਿਆ।

ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਹਵਾਈ ਅੱਡਾ ਛੱਡ ਕੇ ਕਿਤੇ ਨਹੀਂ ਜਾਣਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੂੰ ਗੁਹਾਟੀ 'ਚ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਚਾਚਰ ਜ਼ਿਲ੍ਹੇ 'ਚ ਧਾਰਾ 144 ਲੱਗੀ ਹੋਈ ਹੈ। ਪੁਲਿਸ ਮੁਤਾਬਕ ਨੇਤਾਵਾਂ ਨੂੰ ਇਹ ਕਹਿ ਕੇ ਰੋਕ ਦਿਤਾ ਕਿ ਉਨ੍ਹਾਂ ਦੀ ਯਾਤਰਾ ਨਾਲ ਸਮੱਸਿਆ ਖੜੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੱਥੋਪਾਈ ਵਿਚ ਦੋ ਪੁਲਿਸ ਮਹਿਲਾ ਕਾਂਸਟੇਬਲ ਜ਼ਖ਼ਮੀ ਹੋ ਗਈਆਂ। ਅਸਮ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋਏ ਟੀ.ਐਮ.ਸੀ. ਸਾਂਸਦ ਡੇਰੇਕ ਓ. ਬਰਾਇਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨਾਲ ਬਦਸਲੂਕੀ ਕੀਤੀ ਗਈ ਹੈ।

ਡੇਰੇਕ ਓ. ਬਰਾਇਨ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਸੰਸਦ ਮੈਂਬਰਾਂ ਨੂੰ ਜ਼ਬਰਦਸਤੀ ਹਿਰਾਸਤ ਵਿਚ ਲਿਆ ਗਿਆ ਅਤੇ ਉਨ੍ਹਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਹਿਰਾਸਤ ਵਿਚ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਨੂੰ ਕੋਈ ਨੋਟਿਸ ਵੀ ਨਹੀਂ ਦਿਤਾ ਗਿਆ। ਰੋਕ ਕੇ ਰੱਖੇ ਗਏ ਨੇਤਾਵਾਂ ਵਿਚ ਪਛਮੀ ਬੰਗਾਲ ਦੇ ਮੰਤਰੀ ਸਿਰਾਜ ਹਕੀਮ ਅਤੇ ਪਾਰਟੀ ਦੇ ਦੋ ਰਾਜ ਸਭਾ ਅਤੇ 2 ਲੋਕ ਸਭਾ ਸੰਸਦ ਮੈਂਬਰ ਸ਼ਾਮਲ ਹਨ। ਚਾਚਰ ਜਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਰਾਤ

ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਹੁਕਮ ਜਾਰੀ ਕੀਤਾ ਸੀ ਅਤੇ ਜਿਲ੍ਹੇ ਵਿਚ ਐਨ.ਆਰ.ਸੀ. ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਵਿਅਕਤੀ ਦੇ ਦਾਖ਼ਲ 'ਤੇ ਪਾਬੰਦੀ ਲਗਾ ਦਿਤੀ ਸੀ। ਉਧਰ ਇਸ ਮੁੱਦੇ 'ਤੇ ਤ੍ਰਿਣਮੂਲ ਕਾਂਗਰਸ ਲੋਕ ਸਭਾ 'ਚ ਕਲ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਤ੍ਰਿਣਮੂਲ ਕਾਂਗਰਸ ਨੇ ਐਨ.ਆਰ.ਸੀ. ਖਰੜੇ ਦਾ ਸੰਸਦ ਦੇ ਅੰਦਰ ਅਤੇ ਬਾਹਰ ਭਾਰੀ ਵਿਰੋਧ ਕੀਤਾ ਹੈ।  (ਏਜੰਸੀਆਂ)