ਕੋਰੋਨਾ ਵਾਇਰਸ ਦੇ 54735 ਨਵੇਂ ਮਾਮਲੇ, ਕੁਲ ਮਾਮਲੇ 17 ਲੱਖ ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਦਿਨ ਵਿਚ 853 ਮੌਤਾਂ

Coronavirus

ਨਵੀਂ ਦਿੱਲੀ, 2 ਅਗੱਸਤ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 54735 ਮਾਮਲੇ ਸਾਹਮਣੇ ਆਉਣ ਮਗਰੋਂ ਅੇਤਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ 17 ਲੱਖ ਦੇ ਪਾਰ ਪਹੁੰਚ ਗਏ ਜਦਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 11 ਲੱਖ ਤੋਂ ਉਪਰ ਹੋ ਗਈ। ਮਹਿਜ਼ ਦੋ ਦਿਨ ਪਹਿਲਾਂ ਹੀ ਦੇਸ਼ ਵਿਚ ਲਾਗ ਦੇ ਮਾਮਲਿਆਂ ਨੇ 16 ਲੱਖ ਦਾ ਅੰਕੜਾ ਪਾਰ ਕਰ ਲਿਆ ਸੀ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਕੁਲ ਮਾਮਲੇ ਵੱਧ ਕੇ 1750723 ਹੋ ਗਏ ਹਨ ਜਦਕਿ ਬੀਮਾਰੀ ਨਾਲ ਇਕ ਦਿਨ ਵਿਚ 853 ਹੋਰ ਲੋਕਾਂ ਦੇ ਦਮ ਤੋੜਨ ਮਗਰੋਂ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 37364 ਹੋ ਗਈ ਹੈ। ਲਾਗ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵੱਧ ਕੇ 1145629 ਹੋ ਗਈ ਹੈ ਜਦਕਿ ਦੇਸ਼ ਵਿਚ 567730 ਮਰੀਜ਼ ਹਾਲੇ ਵੀ ਲਾਗ ਦੀ ਲਪੇਟ ਵਿਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਬੀਮਾਰੀ ਤੋਂ ਠੀਕ ਹੋਣ ਦੀ ਦਰ 65.44 ਫ਼ੀ ਸਦੀ ਹੋ ਗਈ ਹੈ ਜਦਕਿ ਮੌਤ ਦਰ ਘੱਟ ਕੇ 2.13 ਫ਼ੀ ਸਦੀ ਰਹਿ ਗਈ ਹੈ। ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦ ਦੇਸ਼ ਵਿਚ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਇਕ ਅਗੱਸਤ ਤਕ ਦੇਸ਼ ਵਿਚ ਕੁਲ 19821831 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 463172 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ। 

 853 ਮੌਤਾਂ ਵਿਚੋਂ 322 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ, 99 ਦੀ ਤਾਮਿਲਨਾਡੂ ਵਿਚ, 98 ਦੀ ਕਰਨਾਟਕ ਵਿਚ, 58 ਦੀ ਆਂਧਰਾ ਪ੍ਰਦੇਸ਼ ਵਿਚ, 48 ਦੀ ਪਛਮੀ ਬੰਗਾਲ ਵਿਚ, ਯੂਪੀ ਵਿਚ 47, ਦਿੱਲੀ ਵਿਚ 26, ਗੁਜਰਾਤ ਵਿਚ 23, ਪੰਜਾਬ ਵਿਚ 19, ਰਾਜਸਥਾਨ ਵਿਚ 16, ਬਿਹਾਰ ਵਿਚ 13, ਤੇਲੰਗਾਨਾ ਅਤੇ ਜੰਮੂ ਕਸ਼ਮੀਰ ਵਿਚ 11-11 ਮਰੀਜ਼ਾਂ ਦੀ ਮੌਤ ਹੋਈ ਹੈ। ਮੱਧ ਪ੍ਰਦੇਸ਼ ਵਿਚ ਨੌਂ, ਕੇਰਲਾ ਵਿਚ ਅੱਠ, ਹਰਿਆਣਾ ਅਤੇ ਝਾਰਖੰਡ ਵਿਚ ਸੱਤ-ਸੱਤ, ਆਸਾਮ, ਚੰਡੀਗੜ੍ਹ, ਗੋਆ ਅਤੇ ਉਤਰਾਖੰਡ ਵਿਚ ਤਿੰਨ-ਤਿੰਨ, ਅੰਡੇਮਾਨ ਅਤੇ ਨਿਕੋਬਾਰ ਸਮੂਹ, ਛੱਤੀਸਗੜ੍ਹ, ਪੁਡੂਚੇਰੀ ਅਤੇ ਤੇਲੰਗਾਨਾ ਵਿਚ ਦੋ-ਦੋ ਤੇ ਮਣੀਪੁਰ ਵਿਚ ਇਕ ਵਿਅਕਤੀ ਦੀ ਮੌਤ ਲਾਗ ਕਾਰਨ ਹੋਈ। (ਏਜੰਸੀ)