ਜੇ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਲੋਕ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਮੰਗ ਸਕਦੇ ਹਨ : ਸੰਜੇ ਰਾਊਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਜਹਾਜ਼ਾਂ ਦੀ ਆਮਦ ਦਾ ਅਜਿਹਾ ਜਸ਼ਨ ਪਹਿਲਾਂ ਕਦੇ ਨਹੀਂ ਮਨਾਇਆ ਗਿਆ

Sanjay Raut

ਮੁੰਬਈ, 2 ਅਗੱਸਤ : ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਜੇ ਨੌਕਰੀਆਂ ਖੁੱਸਣ ਜਿਹੀਆਂ ਸਮੱਸਿਆਵਾਂ ਨਾ ਸੁਲਝੀਆਂ ਤਾਂ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫ਼ਾ ਮੰਗ ਸਕਦੇ ਹਨ। ਰਾਊਤ ਨੇ ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਲਿਖੇ ਅਪਣੇ ਹਫ਼ਤਾਵਾਰੀ ਲੇਖ ਵਿਚ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 10 ਕਰੋੜ ਲੋਕਾਂ ਨੇ ਅਪਣੀ ਨੌਕਰੀ ਗਵਾ ਲਈ ਹੈ ਅਤੇ ਇਸ ਸੰਕਟ ਤੋਂ 40 ਕਰੋੜ ਤੋਂ ਵੱਧ ਪਰਵਾਰ ਪ੍ਰਭਾਵਤ ਹੋਏ ਹਨ।  

ਰਾਜ ਸਭਾ ਮੈਂਬਰ ਨੇ ਕਿਹਾ ਕਿ ਮੱਧਵਰਗੀ ਤਨਖ਼ਾਹਦਾਰ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਦਕਿ ਵਪਾਰ ਅਤੇ ਸਨਅਤਾਂ ਨੂੰ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਾਊਤ ਨੇ ਕਿਹਾ, 'ਲੋਕਾਂ ਦੇ ਧੀਰਜ ਦੀ ਵੀ ਹੱਦ ਹੈ। ਉਹ ਸਿਰਫ਼ ਉਮੀਦ ਅਤੇ ਵਾਅਦਿਆਂ 'ਤੇ ਜ਼ਿੰਦਾ ਨਹੀਂਂ ਰਹਿ ਸਕਦੇ। ਪ੍ਰਧਾਨ ਮੰਤਰੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬੇਸ਼ੱਕ ਭਗਵਾਨ ਰਾਮ ਦਾ ਬਨਵਾਸ ਖ਼ਤਮ ਹੋ ਗਿਆ ਹੈ ਪਰ ਮੌਜੂਦਾ ਹਾਲਾਤ ਔਖੇ ਹਨ। ਕਿਸੇ ਨੇ ਵੀ ਅਪਣੀ ਜ਼ਿੰਦਗੀ ਬਾਰੇ ਪਹਿਲਾਂ ਕਦੇ ਏਨਾ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਹੋਵੇਗਾ।'

ਉਨ੍ਹਾਂ ਕਿਹਾ ਕਿ ਇਜ਼ਰਾਇਲ ਵਿਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵਿਰੁਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਆਰਥਕ ਸੰਕਟ ਨਾਲ ਸਿੱਝਣ ਵਿਚ ਨਾਕਾਮੀ ਕਾਰਨ ਉਨ੍ਹਾਂ ਦੀ ਅਸਤੀਫ਼ੇ ਦੀ ਮੰਗ ਹੋ ਰਹੀ ਹੈ। ਭਾਰਤ ਵਿਚ ਵੀ ਅਜਿਹਾ ਹੀ ਵੇਖਣ ਨੂੰ ਮਿਲ ਸਕਦਾ ਹੈ। ਕੇਂਦਰ ਨੂੰ ਨਿਸ਼ਾਨਾ ਬਣਾਉਂਦਿਆਂ ਰਾਊਤ ਨੇ ਕੋਰੋਨਾ ਵਾਇਰਸ ਦੇ ਹਾਲਾਤ ਅਤੇ ਆਰਥਕ ਸੰਕਟ ਨਾਲ ਸਿੱਝਣ ਵਿਚ ਉਸ ਦੁਆਰਾ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਪੰਜ ਰਾਫ਼ੇਲ ਜਹਾਜ਼ਾਂ ਦੀ ਸੁਰੱਖਿਆ ਲਈ ਅੰਬਾਲਾ ਹਵਾਈ ਫ਼ੌਜ ਅੱਡੇ ਲਾਗੇ ਧਾਰਾ 144 ਲਾਈ ਗਈ। ਉਨ੍ਹਾਂ ਕਿਹਾ ਕਿ ਰਾਫ਼ੇਲ ਤੋਂ ਪਹਿਲਾਂ ਸੁਖੋਈ ਅਤੇ ਐਮਆਈਜੀ ਜਹਾਜ਼ ਵੀ ਭਾਰਤ ਆਏ ਸਨ ਪਰ ਇਸ ਤਰ੍ਹਾਂ ਦਾ ਜਸ਼ਨ ਪਹਿਲਾਂ ਕਦੇ ਨਹੀਂ ਮਨਾਇਆ ਗਿਆ। ਉਨ੍ਹਾਂ ਪੁਛਿਆ, 'ਬੰਬ ਅਤੇ ਮਿਜ਼ਾਈਲ ਦੀ ਸਮਰੱਥਾ ਨਾਲ ਲੈਸ ਰਾਫ਼ੇਲ ਜਹਾਜ਼ਾਂ ਵਿਚ ਬੇਰੁਜ਼ਗਾਰੀ ਅਤੇ ਆਰਥਕ ਚੁਨੌਤੀਆਂ ਦੇ ਸੰਕਟ ਨੂੰ ਖ਼ਤਮ ਕਰਨ ਦੀ ਸਮਰੱਥਾ ਹੈ? (ਏਜੰਸੀ)