ਨਵੀਂ ਸਿਖਿਆ ਨੀਤੀ : ਬੱਚਿਆਂ ਲਈ ਨਾਸ਼ਤੇ ਦੀ ਵੀ ਤਜਵੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਸਿਖਿਆ ਨੀਤੀ ਵਿਚ ਦੁਪਹਿਰ ਦੇ ਖਾਣੇ ਤੋਂ ਇਲਾਵਾ ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਬੱਚਿਆਂ ਨੂੰ ਨਾਸ਼ਤਾ ਦੇਣ ਦੀ ਤਜਵੀਜ਼ ਵੀ ਰੱਖੀ ਗਈ ਹੈ।

Photo

ਨਵੀਂ ਦਿੱਲੀ, 2 ਅਗੱਸਤ : ਕੌਮੀ ਸਿਖਿਆ ਨੀਤੀ ਵਿਚ ਦੁਪਹਿਰ ਦੇ ਖਾਣੇ ਤੋਂ ਇਲਾਵਾ ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਬੱਚਿਆਂ ਨੂੰ ਨਾਸ਼ਤਾ ਦੇਣ ਦੀ ਤਜਵੀਜ਼ ਵੀ ਰੱਖੀ ਗਈ ਹੈ। ਪਿਛਲੇ ਦਿਨੀਂ ਕੇਂਦਰੀ ਵਜ਼ਾਰਤ ਦੁਆਰਾ ਪ੍ਰਵਾਨ ਕੀਤੀ ਗਈ ਸਿਖਿਆ ਨੀਤੀ ਵਿਚ ਕਿਹਾ ਗਿਆ ਹੈ ਕਿ ਸਵੇਰੇ ਸਮੇਂ ਪੋਸ਼ਕ ਨਾਸ਼ਤਾ ਮਿਲਣਾ ਗਿਆਨ ਸਬੰਧੀ ਅਸਾਧਾਰਣ ਮਿਹਨਤ ਵਾਲੇ ਵਿਸ਼ਿਆਂ ਦੀ ਪੜ੍ਹਾਈ ਵਿਚ ਲਾਭਕਾਰੀ ਸਾਬਤ ਹੋ ਸਕਦਾ ਹੈ। ਨਵੀਂ ਸਿਖਿਆ ਨੀਤੀ ਵਿਚ ਤਜਵੀਜ਼ ਹੈ ਕਿ ਦੁਪਿਹਿਰ ਦੇ ਭੋਜਨ ਦੇ ਦਾਇਰੇ ਨੂੰ ਵਘਾ ਕੇ ਉਸ ਵਿਚ ਨਾਸ਼ਤਾ ਵੀ ਜੋੜਿਆ ਜਾਵੇ।

ਸਿਖਿਆ ਨੀਤੀ ਵਿਚ ਕਿਹਾ ਗਿਆ ਹੈ, 'ਜਦ ਬੱਚੇ ਕੁਪੋਸ਼ਣ-ਗ੍ਰਸਤ ਅਤੇ ਬੀਮਾਰ ਹੁੰਦੇ ਹਨ ਤਾਂ ਬਿਹਤਰ ਰੂਪ ਵਿਚ ਸਿੱਖਣ ਵਿਚ ਅਸਮਰੱਥ ਹੁੰਦੇ ਹਨ, ਇਸ ਲਈ ਬੱÎਚਿਆਂ ਦੇ ਪੋਸ਼ਣ ਅਤੇ ਸਿਹਤ ਵਲ ਧਿਆਨ ਦਿਤਾ ਜਾਵੇਗਾ। ਪੋਸ਼ਕ ਭੋਜਣ ਅਤੇ ਚੰਗੀ ਤਰ੍ਹਾਂ ਸਿਖਾਏ ਗਏ ਸਮਾਜਕ ਕਾਰਕੁਨ, ਕਾਊਂਸਲਰ ਅਤੇ ਸਿਖਿਆ ਪ੍ਰਬੰਧ ਵਿਚ ਲੋਕਾਂ ਦੀ ਭਾਈਵਾਲੀ ਨਾਲ ਸਿਖਿਆ ਪ੍ਰਬੰਧ ਨੂੰ ਮਜ਼ਬੂਤ ਕੀਤਾ ਜਾਵੇਗਾ।' ਕਿਹਾ ਗਿਆ ਹੈ, 'ਅਧਿਐਨ ਦਸਦੇ ਹਨ ਕਿ ਸਵੇਰ ਦੇ ਸਮੇਂ ਪੋਸ਼ਕ ਨਾਸ਼ਤਾ ਜ਼ਿਆਦਾ ਅਹਿਮੀਅਤ ਰਖਦਾ ਹੈ।

ਬੱਚਿਆਂ ਨੂੰ ਚੰਗਾ ਨਾਸ਼ਤਾ ਦੇ ਕੇ ਸਵੇਰ ਦੇ ਸਮੇਂ ਦਾ ਲਾਭ ਉਠਾਇਆ ਜਾ ਸਕਦਾ ਹੈ।' ਜਿਹੜੀਆਂ ਥਾਵਾਂ 'ਤੇ ਗਰਮ ਭੋਜਨ ਸੰਭਵ ਨਹੀਂ, ਉਥੇ ਸਾਧਾਰਣ ਪਰ ਪੋਸ਼ਕ ਭੋਜਨ ਯਾਨੀ ਮੂੰਗਫਲੀ ਜਾਂ ਛੋਲੇ ਗੁੜ ਅਤੇ ਸਥਾਨਕ ਫਲਾਂ ਨਾਲ ਨਾਸ਼ਤਾ ਦਿਤਾ ਜਾ ਸਕਦਾ ਹੈ। ਕਿਹਾ ਗਿਆ ਹੈ ਕਿ ਸਾਰੇ ਸਕੂਲੀ ਬੱਚਿਆਂ ਦੀ ਲਗਾਤਾਰ ਜਾਂਚ ਕਰਾਈ ਜਾਵੇ ਅਤੇ ਉਨ੍ਹਾਂ ਦਾ 100 ਫ਼ੀ ਸਦੀ ਟੀਕਾਕਰਨ ਹੋਵੇ ਤਾਂ ਇਸ ਦੀ ਨਿਗਰਾਨੀ ਲਈ ਸਿਹਤ ਕਾਰਡ ਵੀ ਜਾਰੀ ਕੀਤੇ ਜਾਣਗੇ। ਕੇਂਦਰੀ ਵਜ਼ਾਰਤ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਨਵੀਂ ਸਿਖਿਆ ਨੀਤੀ ਦਾ ਐਲਾਨ ਕਰ ਕੇ ਦੇਸ਼ ਦੀ 34 ਸਾਲ ਪੁਰਾਣੀ, 1986 ਵਿਚ ਬਣੀ ਸਿਖਿਆ ਨੀਤੀ ਨੂੰ ਬਦਲ ਦਿਤਾ। ਨਵੀਂ ਨੀਤੀ ਦਾ ਟੀਚਾ ਭਾਰਤ ਦੇ ਸਕੂਲਾਂ ਅਤੇ ਉੱਚ ਸਿਖਿਆ ਪ੍ਰਣਾਲੀ ਵਿਚ ਇਸ ਤਰ੍ਹਾਂ ਦੇ ਸੁਧਾਰ ਕਰਨਾ ਹੈ ਕਿ ਦੇਸ਼ ਦੁਨੀਆਂ ਵਿਚ ਗਿਆਨ ਦੀ ਮਹਾਂਸ਼ਕਤੀ ਕਹਾਵੇ। (ਏਜੰਸੀ)