ਬੰਨ੍ਹਾਂ ਵਿਚ ਬੇਸ਼ੁਮਾਰ ਪਾਣੀ ਛੱਡੇ ਜਾਣ ਕਾਰਨ ਯੁੂਪੀ ਦੀਆਂ ਨਦੀਆਂ ਨੱਕੋ-ਨੱਕ ਭਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਤੋਂ ਵੀ ਛਡਿਆ ਗਿਆ ਪਾਣੀ, ਕਈ ਪਿੰਡ ਹੜ੍ਹਾਂ ਦੀ ਮਾਰ ਹੇਠ

Photo

ਲਖਨਊ, 2 ਅਗੱਸਤ : ਯੂਪੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁੱਝ ਥਾਵਾਂ ’ਤੇ ਮੀਂਹ ਪੈਣ ਕਾਰਨ ਗੁਆਂਢੀ ਦੇਸ਼ ਨੇਪਾਲ ਅਤੇ ਕੁੱਝ ਹੋਰ ਥਾਵਾਂ ’ਤੇ ਬੰਨ੍ਹਾਂ ਤੋਂ ਪਾਣੀ ਛੱਡੇ ਜਾਣ ਕਾਰਨ ਰਾਜ ਵਿਚ ਗੰਗਾ, ਘਾਘਰਾ, ਰਾਪਤੀ ਅਤੇ ਸ਼ਾਰਦਾ ਸਣੇ ਕਈ ਨਦੀਆਂ ਥਾਂ-ਥਾਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਹੀਆਂ ਹਨ। ਸੂਬੇ ਦੇ ਲਗਭਗ ਇਕ ਦਰਜਨ ਜ਼ਿਲਿ੍ਹਆਂ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਹੇੇਠ ਹਨ।

ਕੇਂਦਰੀ ਜਲ ਕਮਿਸ਼ਲ ਦੀ ਰੀਪੋਰਟ ਮੁਤਾਬਕ ਘਾਘਰਾ ਨਦੀ ਸਣੇ ਹੋਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਅਯੋਧਿਆ ਅਤੇ ਤੁਰਤੀਪਾਰ ਵਿਚ ਇਸ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਰਾਪਤੀ ਨਦੀ ਦਾ ਪਾਣੀ ਦਾ ਪੱਧਰ ਗੋਰਖਪੁਰ ਵਿਚ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਦਕਿ ਬਲਰਾਮਪੁਰ, ਬਾਂਸੀ ਅਤੇ ਰਿਗੋਲੀ ਵਿਚ ਇਸ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹਨ। 

ਸ਼ਾਰਦਾ ਨਦੀ ਲਖੀਮਪੁਰ ਖੀਰੀ ਵਿਚ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ ਅਤੇ ਪਾਣੀ ਲਗਾਤਾਰ ਵੱਧ ਰਿਹਾ ਹੈ। ਸ਼ਾਰਦਾ ਨਗਰ ਵਿਚ ਇਹ ਲਾਲ ਨਿਸ਼ਾਨ ਦੇ ਕਾਫ਼ੀ ਨੇੜੇ ਪਹੁੰਚ ਚੁਕੀ ਹੈ। ਗੰਗਾ ਨਦੀ ਵੀ ਬਦਾਊਂ ਵਿਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ ਅਤੇ ਇਸ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। 

ਨਰੋਰਾ ਵਿਚ ਇਸ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਸ਼ਾਰਦਾ, ਗਿਰਿਜਾਪੁਰੀ ਅਤੇ ਸਰਯੂ ਬੈਰਾਜਾਂ ਤੋਂ ਨਦੀਆਂ ਵਿਚ ਐਤਵਾਰ ਨੂੰ 3.15 ਲੱਖ ਕਿਊਸਕ ਪਾਣੀ ਛਡਿਆ ਗਿਆ। ਇਨ੍ਹਾਂ ਤਿੰਨਾਂ ਥਾਵਾਂ ’ਤੇ ਨਦੀਆਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਦੀ ਰੀਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿਚ ਰਾਜ ਵਿਚ ਕੁੱਝ ਥਾਵਾਂ ’ਤੇ ਮੀਂਹ ਪਿਆ ਅਤੇ ਅਗਲੇ 24 ਘੰਟਿਆਂ ਵਿਚ ਹੋਰ ਮੀਂਹ ਪੈਣ ਦਾ ਅਨੁਮਾਨ ਹੈ। (ਏਜੰਸੀ)

ਚਨਾਬ ਨਦੀ ’ਤੇ ਬਣ ਰਿਹੈ ਦੁਨੀਆਂ ਦਾ ਸੱਭ ਤੋਂ ਉੱਚਾ ਪੁਲ
ਅਗਲੇ ਸਾਲ ਤਕ ਤਿਆਰ ਹੋਣ ਦੀ ਸੰਭਾਵਨਾ

ਨਵੀਂ ਦਿੱਲੀ, 2 ਅਗੱਸਤ : ਜੰਮੂ-ਕਸ਼ਮੀਰ ’ਚ ਚੇਨਾਬ ਨਦੀ ’ਤੇ ਬਣ ਰਿਹਾ ਦੁਨੀਆਂ ਦਾ ਸੱਭ ਤੋਂ ਉੱਚਾ ਰੇਲਵੇ ਪੁਲ ਅਗਲੇ ਸਾਲ ਤਕ ਤਿਆਰ ਹੋ ਜਾਵੇਗਾ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿਤੀ। ਇਹ ਪੁਲ ਕਸ਼ਮੀਰ ਘਾਟੀ ਨੂੰ ਬਾਕੀ ਭਾਰਤ ਨਾਲ ਜੋੜੇਗਾ। ਇਸ ਪੁਲ ਦੀ ਕੁੱਲ ਉੱਚਾਈ 467 ਮੀਟਰ ਹੋਵੇਗੀ ਅਤੇ ਇਹ ਨਦੀ ਤਲ ਤੋਂ 359 ਮੀਟਰ ਉੱਚਾਈ ’ਤੇ ਹੋਵੇਗਾ। ਦਿੱਲੀ ’ਚ ਸਥਿਤ ਕੁਤੁਬ ਮੀਨਾਰ ਦੀ ਉੱਚਾਈ 72 ਮੀਟਰ ਅਤੇ ਐਫ਼ਿਲ ਟਾਵਰ ਦੀ ਉੱਚਾਈ 324 ਮੀਟਰ ਹੈ।

  ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਦੁਨੀਆਂ ਦਾ ਸੱਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸੀਨੀਅਰ ਪੇਸ਼ੇਵਰਾਂ ਦੀ ਸਿੱਧੇ ਨਿਗਰਾਨੀ ਦੇ ਅਧੀਨ ਬੀਤੇ ਇਕ ਸਾਲ ਦੌਰਾਨ ਪੁਲ ਦਾ ਨਿਰਮਾਣ ਕੰਮ ਤੇਜ਼ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਯੋਜਨਾ ਅਨੁਸਾਰ ਦਸੰਬਰ 2022 ਤਕ ਕਸ਼ਮੀਰ ਨੂੰ ਟਰੇਨ ਸੇਵਾਵਾਂ ਨਾਲ ਜੋੜ ਦਿਤਾ ਜਾਵੇਗਾ। (ਏਜੰਸੀ)