Oppo, Vivo ਅਤੇ Xiaomi ਨੇ ਕੀਤੀ 7259 ਕਰੋੜ ਦੀ ਟੈਕਸ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨੋਟਿਸ ਤੋਂ ਬਾਅਦ ਜਮ੍ਹਾ ਕਰਵਾਏ 512 ਕਰੋੜ

photo

 

ਨਵੀਂ ਦਿੱਲੀ: ਚੀਨੀ ਮੋਬਾਈਲ ਫੋਨ ਕੰਪਨੀਆਂ ਓਪੋ, ਵੀਵੋ ਅਤੇ ਸ਼ਿਓਮੀ ਨੇ ਲਗਭਗ 7,259 ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਦੱਸਿਆ ਕਿ ਡਿਪਾਰਟਮੈਂਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਵਾਰ-ਵਾਰ ਨੋਟਿਸ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਕੰਪਨੀਆਂ ਨੇ 512.46 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

 

 

ਵਿੱਤ ਮੰਤਰੀ ਨੇ ਕਿਹਾ ਕਿ ਡੀਆਰਆਈ ਨੇ ਓਪੋ ਵਿਰੁੱਧ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਲਈ ਨੋਟਿਸ ਜਾਰੀ ਕੀਤਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2,981 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ ਹੈ, ਜਦੋਂ ਕਿ ਦਰਾਮਦ ਉਤਪਾਦਾਂ ਦਾ ਘੱਟ ਮੁੱਲਾਂਕਣ ਕਰਕੇ 1,408 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਕੀਤੀ ਗਈ ਹੈ। ਨੋਟਿਸ ਤੋਂ ਬਾਅਦ ਓਪੋ ਨੇ 450 ਕਰੋੜ ਰੁਪਏ ਜਮ੍ਹਾ ਕਰ ਦਿੱਤੇ ਹਨ।

 

ਵਿੱਤ ਮੰਤਰੀ ਨੇ ਕਿਹਾ ਕਿ Xiaomi 'ਤੇ ਲਗਭਗ 653 ਕਰੋੜ ਰੁਪਏ ਦੀ ਕਸਟਮ ਡਿਊਟੀ ਦੇਣਦਾਰੀ ਹੈ, ਜਿਸ 'ਚੋਂ ਉਸ ਨੇ ਸਿਰਫ 46 ਲੱਖ ਰੁਪਏ ਜਮ੍ਹਾ ਕੀਤੇ ਹਨ।
ਵੀਵੋ ਨੇ 2,217 ਕਰੋੜ ਦਾ ਟੈਕਸ ਚੋਰੀ ਕੀਤਾ ਹੈ, ਜਿਸ 'ਚੋਂ 60 ਕਰੋੜ ਜਮ੍ਹਾ ਹੋ ਚੁੱਕੇ ਹਨ। ਈਡੀ ਦੀ ਨਜ਼ਰ ਉਹਨਾਂ 18 ਕੰਪਨੀਆਂ 'ਤੇ ਵੀ ਹੈ ਜੋ ਵੀਵੋ ਨੇ ਸਥਾਪਿਤ ਕੀਤੀਆਂ ਸਨ।

2019 ਅਤੇ 2021 ਦੇ ਵਿਚਕਾਰ, 81 ਚੀਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਨੋਟਿਸ ਜਾਰੀ ਕੀਤੇ ਗਏ ਸਨ ਅਤੇ 117 ਨੂੰ ਕੱਢ ਦਿੱਤਾ ਗਿਆ ਸੀ। ਇਸ ਦੇ ਨਾਲ ਹੀ 726 ਚੀਨੀ ਨਾਗਰਿਕਾਂ ਨੂੰ ਵੀਜ਼ਾ ਸਬੰਧੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਪ੍ਰਤੀਕੂਲ ਸੂਚੀ ਵਿੱਚ ਰੱਖਿਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ।