ਮਨੀਪੁਰ ਦੇ ਬਿਸ਼ਨੂਪੁਰ 'ਚ ਫਿਰ ਹੋਈ ਹਿੰਸਾ, 17 ਦੇ ਕਰੀਬ ਲੋਕ ਜਖ਼ਮੀ, ਇੰਫ਼ਾਲ ਵਿਚ ਲੱਗਿਆ ਕਰਫ਼ਿਊ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀਪੁਰ ਹਿੰਸਾ ਵਿਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Violence broke out again in Bishnupur of Manipur

ਮਨੀਪੁਰ - ਮਨੀਪੁਰ ਵਿਚ ਮੀਤੀ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਚੱਲ ਰਹੀ ਹਿੰਸਾ ਨੂੰ ਅੱਜ ਤਿੰਨ ਮਹੀਨੇ ਹੋ ਗਏ। ਵੀਰਵਾਰ ਨੂੰ ਬਿਸ਼ਨੂਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਮੀਤੀ ਭਾਈਚਾਰੇ ਵਿਚਾਲੇ ਹਿੰਸਕ ਝੜਪਾਂ ਹੋਈਆਂ। ਸਥਿਤੀ ਨੂੰ ਸੰਭਾਲਣ ਲਈ ਸੁਰੱਖਿਆ ਬਲਾਂ ਨੇ ਹਵਾਈ ਫਾਇਰਿੰਗ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਜਿਸ ਵਿਚ 17 ਲੋਕ ਜ਼ਖਮੀ ਹੋ ਗਏ।   

ਬਿਸ਼ਨੂਪੁਰ 'ਚ ਮੀਤੀ ਭਾਈਚਾਰੇ ਦੀਆਂ ਔਰਤਾਂ ਨੇ ਬਫਰ ਜ਼ੋਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਅਸਾਮ  ਰਾਈਫਲਜ਼ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ 'ਤੇ  ਔਰਤਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਝੜਪਾਂ ਤੋਂ ਬਾਅਦ, ਇੰਫਾਲ ਅਤੇ ਇੰਫਾਲ ਪੱਛਮੀ ਵਿਚ ਕਰਫਿਊ ਵਿਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ। 

ਮਨੀਪੁਰ ਹਿੰਸਾ ਵਿਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਫਾਲ ਅਤੇ ਚੂਰਾਚੰਦਪੁਰ ਦੇ ਹਸਪਤਾਲਾਂ ਦੇ ਮੁਰਦਾਘਰਾਂ 'ਚ ਕਈ ਲੋਕਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ। ਕੁੱਕੀ ਭਾਈਚਾਰੇ ਨਾਲ ਸਬੰਧਤ 35 ਲੋਕਾਂ ਦੀਆਂ ਲਾਸ਼ਾਂ ਨੂੰ ਵੀਰਵਾਰ ਨੂੰ ਚੂਰਾਚੰਦਪੁਰ ਦੇ ਲਾਮਕਾ ਕਸਬੇ ਦੇ ਤੁਇਬੋਂਗ ਸ਼ਾਂਤੀ ਮੈਦਾਨ 'ਚ ਦਫ਼ਨਾਇਆ ਗਿਆ। 

ਬੁੱਧਵਾਰ ਰਾਤ ਨੂੰ ਇਕ ਅਫ਼ਵਾਹ ਫੈਲੀ ਸੀ ਕਿ ਕੁੱਝ ਕੁੱਕੀ-ਜੋ ਲੋਕਾਂ ਦੀਆਂ ਦੇਹਾਂ ਦਫਨਾਉਣ ਦੇ ਲਈ ਬਾਹਰ ਲਿਜਾਈਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਇੰਫ਼ਾਲ ਵਿਚ ਮੈਡੀਕਲ ਸਾਇੰਸਜ਼ ਦੇ ਖੇਤਰੀ ਇੰਸਟੀਚਿਊਟ ਅਤੇ ਜਵਾਹਰਲਾਲ ਨਹਿਰੂ ਮੈਡਕਲ ਸਾਇੰਸ  ਦੋ ਹਸਪਤਾਲਾਂ ਦੇ ਕੋਲ ਭੀੜ ਜਮਾ ਹੋ ਗਈ ਹਾਲਾਂਕਿ ਪੁਲਿਸ ਭੀੜ ਨੂੰ ਸ਼ਾਂਤ ਕਰਨ ਵਿਚ ਕਾਮਯਾਬ ਰਹੀ। ਰਾਤ 10 ਵਜੇ ਤੱਕ ਕੋਈ ਘਟਨਾ ਨਹੀਂ ਹੋਈ। 

ਇੰਫ਼ਾਲ ਦੇ ਇਹਨਾਂ ਦੋਨਾਂ ਹਸਪਤਾਲਾਂ ਦੀ ਮੌਰਚਰੀ ਵਿਚ ਹੀ ਇੰਫ਼ਾਲ ਘਾਟੀ ਵਿਚ ਜਾਤੀ ਸੰਘਰਸ਼ ਵਿਚ ਮਾਰੇ ਗਏ ਲੋਕਾਂ ਦੀਆਂ ਕਈ ਲਾਸ਼ਾਂ ਰੱਖੀਆਂ ਹੋਈਆਂ ਹਨ। ਕਿਸੇ ਵੀ ਹਿੰਸਾ ਨੂੰ ਰੋਕਣ ਲਈ ਇੱਥੇ ਅਸਾਮ ਰਾਈਫਲਸ, ਰੈਪਿਡ ਐਕਸ਼ਨ ਫੋਰਸ, ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਸੈਨਾ ਦੀਆਂ ਕਈ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। 

ਓਧਰ ਜ਼ਿਲ੍ਹਾ ਪ੍ਰਸਾਸ਼ਨ ਨੇ ਇੰਫ਼ਾਲ ਪੱਛਮੀ ਤੇ ਦੱਖਣੀ ਵਿਚ ਕਰਫਿਊ ਵਿਚ ਦਿੱਤੀ ਢਿੱਲ ਨੂੰ ਵਾਪਸ ਲੈ ਲਿਆ ਹੈ। ਛੁੱਟ ਦੇ ਤੌਰ 'ਤੇ ਪੂਰੀ ਇੰਫ਼ਾਲ ਘਾਟੀ ਵਿਚ ਰਾਤ ਦੇ ਕਰਫਿਊ ਤੋਂ ਇਲਾਵਾ ਦਿਨ ਦੇ ਦੌਰਾਨ ਵੀ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮਨੀਪੁਰ ਹਿੰਸਾ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਵੱਲੋਂ ਸੰਸਦ ਵਿਚ ਹੰਗਾਮਾ ਜਾਰੀ ਹੈ  ਤੇ ਉਹ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ। ਹੰਗਾਮੇ ਦੇ ਕਰ ਕੇ ਸੰਸਦ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ।